ਨਵੀਂ ਦਿੱਲੀ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਦਿੱਲੀ ਵੀ ਇਸ ਮਹਾਂਮਾਰੀ ਤੋਂ ਨਹੀਂ ਬਚ ਸਕਿਆ ਹੈ। ਇਸ ਨੂੰ ਮੱਦੇਨਜ਼ਰ ਰੱਖਦਿਆਂ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ’ਚ ਅੱਜ ਤੋਂ 30 ਅਪ੍ਰੈਲ ਤੱਕ ਨਾਈਟ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ।
ਇਹ ਕਰਫਿਊ ਰੋਜ਼ਾਨਾ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ, ਜੋ ਕਿ 30 ਅਪ੍ਰੈਲ ਤੱਕ ਲਾਗੂ ਰਹੇਗਾ। ਨਾਈਟ ਕਰਫਿਊ ਦੌਰਾਨ ਆਵਾਜਾਈ ’ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੋਵੇਗੀ। ਜੋ ਲੋਕ ਕੋਰੋਨਾ ਵੈਕਸੀਨ ਲਗਾਉਣ ਜਾਣਾ ਚਾਹੁੰਦੇ ਹਨ, ਉਹਨਾਂ ਨੂੰ ਛੋਟ ਹੋਵੇਗੀ, ਪਰ ਇਸ ਦੇ ਲਈ ਉਹਨਾਂ ਨੂੰ ਈ-ਪਾਸ ਲੈਣਾ ਪਵੇਗਾ। ਰਾਸ਼ਨ, ਕਰਿਆਨਾ, ਫਲ, ਸਬਜ਼ੀਆਂ, ਦੁੱਧ, ਦਵਾਈ ਆਦਿ ਨਾਲ ਜੁੜੇ ਦੁਕਾਨਦਾਰਾਂ ਨੂੰ ਈ-ਪਾਸ ਰਾਹੀਂ ਆਉਣ-ਜਾਣ ਦੀ ਆਗਿਆ ਹੋਵੇਗੀ। ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨੂੰ ਵੀ ਈ-ਪਾਸ ਰਾਹੀਂ ਜਾਣ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਆਈ ਡੀ ਕਾਰਡ ਦਿਖਾਉਣ ’ਤੇ ਪ੍ਰਾਈਵੇਟ ਡਾਕਟਰ, ਨਰਸ, ਪੈਰਾ ਮੈਡੀਕਲ ਸਟਾਫ ਨੂੰ ਵੀ ਛੋਟ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਟਿਕਟ ਦਿਖਾਉਣ ’ਤੇ ਏਅਰਪੋਰਟ, ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਵੀ ਛੋਟ ਦਿੱਤੀ ਜਾਵੇਗੀ। ਗਰਭਵਤੀ ਔਰਤਾਂ ਅਤੇ ਇਲਾਜ ਲਈ ਜਾਣ ਵਾਲੇ ਮਰੀਜਾਂ ਨੂੰ ਛੋਟ ਮਿਲੇਗੀ। ਪਬਲਿਕ ਟ੍ਰਾਂਸਪੋਰਟ ਜ਼ਰੀਏ ਤੈਅ ਸਮੇਂ ਦੌਰਾਨ ਉਹਨਾਂ ਲੋਕਾਂ ਨੂੰ ਲਿਆਉਣ ਜਾਂ ਲਿਜਾਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਨਾਈਟ ਕਰਫਿਊ ਦੌਰਾਨ ਛੋਟ ਦਿੱਤੀ ਗਈ ਹੈ।

