
ਨਵੀਂ ਦਿੱਲੀ, 18 ਮਾਰਚ (ਹਮਦਰਦ ਨਿਊਜ਼ ਸਰਵਿਸ) : ਦਿੱਲੀ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਇਕ ਹੰਗਾਮੀ ਮੀਟਿੰਗ ਬੁਲਾਈ। ਇਸ ਮੀਟਿੰਗ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਟੀਕਾਕਰਨ ਲਈ ਉਮਰ ਸੀਮਾ ‘ਚ ਛੋਟ ਦਿੰਦੀ ਹੈ ਤਾਂ ਅਸੀਂ ਤਿੰਨ ਮਹੀਨਿਆਂ ‘ਚ ਸਾਰੇ ਦਿੱਲੀ ਵਾਸੀਆਂ ਨੂੰ ਟੀਕਾ ਮੁਹੱਈਆ ਕਰਾਵਾਂਗੇ। ਕੇਜਰੀਵਾਲ ਨੇ ਕਿਹਾ ਕਿ ਅਸੀਂ ਰੋਜ਼ਾਨਾ 1.25 ਲੱਖ ਲੋਕਾਂ ਨੂੰ ਕੋਰੋਨਾ ਟੀਕਾ ਲਗਾਵਾਂਗੇ।
ਅਰਵਿੰਦ ਕੇਜਰੀਵਾਲ ਨੇ ਕਿਹਾ, “ਸਾਰੇ ਲੋਕ ਟੀਕਾ ਲਗਵਾਉਣ। ਮੈਂ ਵੀ ਟੀਕਾ ਲਗਵਾਇਆ ਹੈ ਅਤੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਮੇਰੇ ਮਾਪਿਆਂ ਨੇ ਵੀ ਇਸ ਨੂੰ ਲਗਵਾਇਆ ਹੈ। ਇਸ ਲਈ ਬਗੈਰ ਡਰੇ ਟੀਕਾ ਲਗਵਾਓ। ਜ਼ਿਕਰਯੋਗ ਹੈ ਕਿ ਦੇਸ਼ ਦੇ 16 ਸੂਬਿਆਂ ਦੇ 70 ਜ਼ਿਲ੍ਹਿਆਂ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਰਾਤ 9 ਤੋਂ ਸਵੇਰੇ 5 ਵਜੇ ਤਕ ਕਰਫ਼ਿਊ ਲਗਾ ਦਿੱਤਾ ਗਿਆ ਹੈ।
ਲਾਪਰਵਾਹੀ ਕਾਰਨ ਕੇਸਾਂ ‘ਚ ਵਾਧਾ ਹੋਇਆ
ਦਿੱਲੀ ‘ਚ ਲਾਪਰਵਾਹੀ ਕਾਰਨ ਕੋਰੋਨਾ ਮਾਮਲੇ ਵੱਧ ਰਹੇ ਹਨ। ਲੋਕ ਮਾਸਕ, ਸਮਾਜਿਕ ਦੂਰੀ ਅਤੇ ਸੈਨੇਟਾਈਜ਼ਰ ਦੀ ਵਰਤੋਂ ਨਹੀਂ ਕਰ ਰਹੇ ਹਨ। ਨਾਲ ਹੀ ਪ੍ਰਸ਼ਾਸਨ ਵੱਲੋਂ ਸਖਤੀ ਘਟਾ ਦਿੱਤੀ ਗਈ ਹੈ, ਜਿਸ ਕਾਰਨ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਅਤੇ ਸਰਕਾਰ ਨੂੰ ਅਲਰਟ ਮੋਡ ‘ਚ ਆਉਣਾ ਪਿਆ ਹੈ।
ਲਾਗ ਦੀ ਦਰ 1 ਫ਼ੀਸਦੀ ਤੋਂ ਘੱਟ
ਦਿੱਲੀ ‘ਚ ਕੋਰੋਨਾ ਨੂੰ ਰੋਕਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਐਮਰਜੈਂਸੀ ਮੀਟਿੰਗ ਬੁਲਾਈ ਸੀ। ਹਾਲਾਂਕਿ ਹਾਲਾਤ ਹਾਲੇ ਕਾਬੂ ‘ਚ ਹਨ ਅਤੇ ਲਾਗ ਦੀ ਦਰ ਬਹੁਤ ਜ਼ਿਆਦਾ ਨਹੀਂ ਵਧੀ ਹੈ। ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਦਿੱਲੀ ‘ਚ ਲਾਗ ਦੀ ਦਰ ਇਕ ਫ਼ੀਸਦੀ ਤੋਂ ਵੀ ਘੱਟ ਹੈ, ਪਰ ਸਾਵਧਾਨੀ ਵਰਤਣੀ ਚਾਹੀਦੀ ਹੈ।