Home ਭਾਰਤ ਦਿੱਲੀ ’ਚ ਹੁਣ ਮੁੱਖ ਮੰਤਰੀ ਤੋਂ ਵੱਧ ਤਾਕਤਵਰ ਹੋਣਗੇ ਉਪ ਰਾਜਪਾਲ

ਦਿੱਲੀ ’ਚ ਹੁਣ ਮੁੱਖ ਮੰਤਰੀ ਤੋਂ ਵੱਧ ਤਾਕਤਵਰ ਹੋਣਗੇ ਉਪ ਰਾਜਪਾਲ

0
ਦਿੱਲੀ ’ਚ ਹੁਣ ਮੁੱਖ ਮੰਤਰੀ ਤੋਂ ਵੱਧ ਤਾਕਤਵਰ ਹੋਣਗੇ ਉਪ ਰਾਜਪਾਲ

ਨਵੀਂ ਦਿੱਲੀ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਦਿੱਲੀ ’ਚ ਹੁਣ ਉਪ ਰਾਜਪਾਲ ਨੂੰ ਮੁੱਖ ਮੰਤਰੀ ਨਾਲ ਵੀ ਵੱਧ ਸ਼ਕਤੀਆਂ ਹਾਸਲ ਹੋਣਗੀਆਂ, ਕਿਉਂਕਿ ਮੁੱਖ ਮੰਤਰੀ ਤੇ ਉਪ ਰਾਜਪਾਲ ਵਿਚਾਲੇ ਸ਼ਕਤੀਆਂ ਦੀ ਵੰਡ ਨੂੰ ਲੈ ਕੇ ਲੋਕ ਸਭਾ ਵੱਲੋਂ ਪਾਸ ਕੀਤੇ ਗਏ ਬਿਲ ਨੂੰ ਅੱਜ ਰਾਜ ਸਭਾ ਨੇ ਵੀ ਹਰੀ ਝੰਡੀ ਦੇ ਦਿੱਤੀ ਹੈ। ਬਿੱਲ ਪੇਸ਼ ਹੋਣ ਨਾਲ ਰਾਜ ਸਭਾ ਵਿੱਚ ਕਾਫ਼ੀ ਹੰਗਾਮਾ ਹੋਇਆ, ਜਿਸ ਕਾਰਨ ਸਦਨ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ। ਬਿਲ ’ਤੇ ਲੰਬੀ ਬਹਿਸ ਦੌਰਾਨ ਹੰਗਾਮੇ ਦਾ ਮਾਹੌਲ ਸੀ। ਹਾਲਾਂਕਿ, ਬਿਲ ਪੇਸ਼ ਕੀਤੇ ਜਾਣ ’ਤੇ ਪੂਰਾ ਸਦਨ ਸ਼ੋਰ-ਸ਼ਰਾਬੇ ਵਿੱਚ ਡੁੱਬ ਗਿਆ ਸੀ। ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਬੈਂਚ ਅੱਗੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬਿਲ ਪਾਸ ਕਰਵਾਉਣ ਲਈ ਵੋਟਾਂ ਦੀ ਵੰਡ ਦੀ ਮੰਗ ਕੀਤੀ ਗਈ। ਬਿਲ ਨੂੰ 45 ਦੇ ਮੁਕਾਬਲੇ 83 ਵੋਟਾਂ ਨਾਲ ਪਾਸ ਕੀਤਾ ਗਿਆ। ਇਸ ਤੋਂ ਬਾਅਦ ਕਾਂਗਰਸ ਤੇ ਆਮ ਆਦਮੀ ਪਾਰਟੀ ਸਣੇ ਸਾਰੀਆਂ ਵਿਰੋਧੀ ਪਾਰਟੀਆਂ ਨੇ ਸਦਨ ਤੋਂ ਵਾਕਆਊਟ ਕੀਤਾ। ਇਸ ਤੋਂ ਬਾਅਦ ਬਿੱਲ ਦੀਆਂ ਵੱਖ-ਵੱਖ ਧਾਰਾਵਾਂ ਨੂੰ ਆਵਾਜ਼ ਵੋਟ ਨਾਲ ਪਾਸ ਕੀਤਾ ਗਿਆ।
‘ਆਪ’ ਸਮੇਤ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਚੇਅਰਮੈਨ ਦੀ ਸੀਟ ਨੇੜੇ ਆ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰ ਦੇ ਨੇਤਾ ਮੱਲੀਕਾਰਜੁਨ ਖੜਗੇ ਨੇ ਇਸ ਸੋਧ ਬਿੱਲ ਨੂੰ ਸਰਕਾਰ ਵਿਰੋਧੀ ਅਤੇ ਲੋਕਤੰਤਰ ਵਿਰੋਧੀ ਦੱਸਦਿਆਂ ਮੰਗ ਕੀਤੀ ਕਿ ਇਸ ਨੂੰ ਤੁਰੰਤ ਸਿਲੈਕਟ ਕਮੇਟੀ ਦੇ ਹਵਾਲੇ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸੋਧ ਬਿਲ ਦੇ ਪਾਸ ਹੋਣ ਨਾਲ, ਚੁਣੀ ਹੋਈ ਦਿੱਲੀ ਸਰਕਾਰ ਅਤੇ ਵਿਧਾਇਕਾਂ ਦਾ ਅਧਿਕਾਰ ਖੋਹ ਲਿਆ ਜਾਵੇਗਾ। ਆਮ ਆਦਮੀ ਪਾਰਟੀ ਦੇ ਮੈਂਬਰ ਸੰਜੇ ਸਿੰਘ ਨੇ ਇਸ ਬਿਲ ਨੂੰ ਗੈਰ ਸੰਵਿਧਾਨਕ ਕਰਾਰ ਦਿੰਦਿਆਂ ਮੰਗ ਕੀਤੀ ਕਿ ਇਸ ਨੂੰ ਰੋਕਿਆ ਜਾਵੇ। ਇਸ ਭਾਸ਼ਣ ਦੇ ਨਾਲ ਹੀ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਸਦਨ ਵਿੱਚ ਨਾਅਰੇਬਾਜ਼ੀ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਉਪ ਚੇਅਰਮੈਨ ਹਰੀਵੰਸ਼ ਨਾਰਾਇਣ ਸਿੰਘ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈਡੀ ਨੂੰ ਬਿਲ ਪੇਸ਼ ਕਰਨ ਦੀ ਮਨਜ਼ੂਰੀ ਦਿੱਤੀ। ਭਾਰੀ ਰੌਲੇ-ਰੱਪੇ ਦੇ ਵਿਚਕਾਰ, ਰੈੱਡੀ ਨੇ ਬਿਲ ਪੇਸ਼ ਕੀਤਾ। ਬਿਲ ਪਾਸ ਹੋਣ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਿਖਿਆ ਕਿ ਰਾਜ ਸਭਾ ਨੇ ਜੀ ਐਨ ਸੀ ਟੀ ਡੀ ਸੋਧ ਬਿੱਲ ਨੂੰ ਪਾਸ ਕਰ ਦਿੱਤਾ। ਇਹ ਭਾਰਤੀ ਲੋਕਤੰਤਰ ਲਈ ਉਦਾਸੀ ਭਰਿਆ ਦਿਨ ਹੈ। ਅਸੀਂ ਲੋਕਾਂ ਵਿੱਚ ਸੱਤਾ ਵਾਪਸ ਲਿਆਉਣ ਲਈ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਕਿ ਅੱਜ ਲੋਕਤੰਤਰ ਲਈ ਕਾਲਾ ਦਿਨ ਹੈ। ਦਿੱਲੀ ਦੇ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਦੇ ਅਧਿਕਾਰਾਂ ਨੂੰ ਖੋਹ ਕੇ ਉਪ ਰਾਜਪਾਲ ਦੇ ਹਵਾਲੇ ਕਰ ਦਿੱਤਾ ਗਿਆ, ਜੋ ਕਿ ਬਹੁਤ ਹੀ ਮਾੜੀ ਗੱਲ ਹੈ।
ਬਿਲ ਪਾਸ ਹੋਣ ਬਾਅਦ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ’ਤੇ ਆਪਣੀ ਨਾਰਾਜ਼ਗੀ ਜਤਾਈ। ਉਨ੍ਹਾਂ ਕਿਹਾ ਕਿ ਗਵਰਮੈਂਟ ਆਫ਼ ਨੈਸ਼ਨਲ ਕੈਪੀਟਲ ਟੈਰੀਟਰੀ ਆਫ਼ ਦਿੱਲੀ (ਜੀਐਨਸੀਟੀਡੀ) ਅਮੈਂਡਮੈਂਟ ਬਿਲ ਪਾਸ ਹੋਣਾ ਦਿੱਲੀ ਦੇ ਲੋਕਾਂ ਦਾ ਅਪਮਾਨ ਹੈ। ਇਹ ਬਿਲ ਉਨ੍ਹਾਂ ਲੋਕਾਂ ਤੋਂ ਅਧਿਕਾਰ ਖੋਹ ਰਿਹਾ ਹੈ, ਜਿਨ੍ਹਾਂ ਨੂੰ ਲੋਕਾਂ ਨੇ ਵੋਟ ਦੇ ਕੇ ਚੁਣਿਆ ਹੈ ਅਤੇ ਜੋ ਲੋਕ ਹਾਰ ਗਏ, ਉਨ੍ਹਾਂ ਨੂੰ ਦਿੱਲੀ ਚਲਾਉਣ ਲਈ ਸ਼ਕਤੀਆਂ ਦਿੰਦਾ ਹੈ। ਭਾਜਪਾ ਨੇ ਲੋਕਾਂ ਨੂੰ ਧੋਖਾ ਦਿੱਤਾ ਹੈ।