ਦਿੱਲੀ ਦੁਨੀਆਂ ਦੀ ਸਭ ਤੋਂ ਜ਼ਹਿਰੀਲੀ ਰਾਜਧਾਨੀ ਬਣੀ

ਨਵੀਂ ਦਿੱਲੀ, 16 ਮਾਰਚ (ਹਮਦਰਦ ਨਿਊਜ਼ ਸਰਵਿਸ) : ਪਿਛਲੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਲਗਾਏ ਗਏ ਲੌਕਡਾਊਨ ਕਰਕੇ ਦਿੱਲੀ ਦੇ ਪ੍ਰਦੂਸ਼ਣ ‘ਚ ਥੋੜ੍ਹੀ ਜਿਹੀ ਗਿਰਾਵਟ ਆਈ ਸੀ, ਪਰ ਇਸ ਦੇ ਬਾਵਜੂਦ ਦਿੱਲੀ ਦੁਨੀਆਂ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਹੈ। ਮੰਗਲਵਾਰ ਨੂੰ ਜਾਰੀ ਕੀਤੀ ਗਈ ਵਰਲਡ ਏਅਰ ਕੁਆਲਿਟੀ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ ਹੈ।
ਰਿਪੋਰਟ ਦੇ ਅਨੁਸਾਰ ਸਾਲ 2019 ਤੋਂ 2020 ਤਕ ਦਿੱਲੀ ਦੀ ਹਵਾ ਦੀ ਗੁਣਵੱਤਾ ‘ਚ 15 ਫ਼ੀਸਦੀ ਦਾ ਸੁਧਾਰ ਆਇਆ ਹੈ। ਇਸ ਦੇ ਬਾਵਜੂਦ ਦੁਨੀਆਂ ਦੇ ਪ੍ਰਦੂਸ਼ਿਤ ਸ਼ਹਿਰਾਂ ਅਤੇ ਦੁਨੀਆਂ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ‘ਚ ਦਿੱਲੀ ਦਾ 10ਵਾਂ ਸਥਾਨ ਹੈ। ਸਾਲ 2020 ‘ਚ ਭਾਰਤੀ ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ‘ਚ 63 ਫੀਸਦੀ ਦਾ ਸੁਧਾਰ ਦਰਜ ਕੀਤਾ ਗਿਆ ਹੈ।
ਰਿਪੋਰਟ ‘ਚ ਪੀਐਮ 2.5 ਦੇ ਅਧਾਰ ‘ਤੇ ਦੇਸ਼ਾਂ, ਰਾਜਧਾਨੀ ਅਤੇ ਸ਼ਹਿਰਾਂ ਨੂੰ ਦਰਜਾ ਦਿੱਤਾ ਗਿਆ ਹੈ। ਤਿੰਨ ਸਭ ਤੋਂ ਪ੍ਰਦੂਸ਼ਿਤ ਦੇਸ਼ ਬੰਗਲਾਦੇਸ਼, ਪਾਕਿਸਤਾਨ ਤੇ ਭਾਰਤ ਹਨ, ਜਦਕਿ ਤਿੰਨ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਦਿੱਲੀ, ਢਾਕਾ ਅਤੇ ਉਲਾਨਬਟੋਰ ਹਨ। ਦਿੱਲੀ ‘ਚ ਪੀਐਮ 2.5 ਦੀ ਸਾਲਾਨਾ ਔਸਤ 84.1 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਪਾਈ ਗਈ ਹੈ, ਜਦਕਿ ਢਾਕਾ ਤੇ ਮੰਗੋਲੀਆ ਦੀ ਰਾਜਧਾਨੀ ਉਲਾਨਬਟੋਰ ‘ਚ ਇਹ 77.1 ਅਤੇ 46.6 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਹੈ। ਇਸੇ ਤਰ੍ਹਾਂ ਭਾਰਤ ਦੇ ਤਿੰਨ ਸਭ ਤੋਂ ਪ੍ਰਦੂਸ਼ਿਤ ਮਹਾਂਨਗਰ ਹਨ – ਦਿੱਲੀ, ਮੁੰਬਈ ਅਤੇ ਬੰਗਲੁਰੂ।
ਰਿਪੋਰਟ ਦੇ ਅਨੁਸਾਰ ਹਵਾ ਪ੍ਰਦੂਸ਼ਣ ਦਾ ਸਿਹਤ ‘ਤੇ ਪ੍ਰਭਾਵ ਚਿੰਤਾਜਨਕ ਬਣਿਆ ਹੋਇਆ ਹੈ। ਰਿਪੋਰਟ ‘ਚ ਕੋਵਿਡ-19 ਲਾਕਡਾਊਨ ਤੋਂ ਹਵਾ ਦੀ ਕੁਆਲਟੀ ਉੱਤੇ ਪੈਣ ਵਾਲੇ ਪ੍ਰਭਾਵਾਂ ਨੂੰ ਵੀ ਰਿਕਾਰਡ ਕੀਤਾ ਗਿਆ ਹੈ। ਇਸ ਲਈ ਪਿਛਲੇ ਸਾਲ ਵੱਧ ਰਹੇ ਪ੍ਰਦੂਸ਼ਣ ‘ਚ ਕਮੀ ਦਾ ਮੁੱਖ ਕਾਰਨ ਲੌਕਡਾਊਨ ਲਗਾਉਣਾ ਹੈ।
ਭਾਰਤ ‘ਚ ਪ੍ਰਦੂਸ਼ਣ ਦੇ ਮੁੱਖ ਸਰੋਤ ਆਵਾਜਾਈ, ਰਸੋਈ ਲਈ ਬਾਇਓ ਗੈਸਾਂ ਦੀ ਵਰਤੋਂ, ਬਿਜਲੀ ਉਤਪਾਦਨ, ਉਦਯੋਗਾਂ ਦੀ ਉਸਾਰੀ, ਕੂੜਾ-ਕਰਕਟ ਸਾੜਨ ਅਤੇ ਪਰਾਲੀ ਸਾੜਿਆ ਜਾਣਾ ਹੈ। ਭਾਰਤ ਦੇ ਤੇਜ਼ੀ ਨਾਲ ਵੱਧ ਰਹੇ ਪੀਐਮ 2.5 ਦੇ ਨਿਕਾਸੀ ਕਾਰਣਾਂ ‘ਚ ਟ੍ਰੈਫ਼ਿਕ ਦਾ ਵੱਡਾ ਯੋਗਦਾਨ ਹੈ।
ਦੁਨੀਆਂ ਦੇ 30 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ‘ਚ ਭਾਰਤ ਦੇ 22 ਸ਼ਹਿਰ ਸ਼ਾਮਲ ਹਨ। ਇਨ੍ਹਾਂ ‘ਚ ਗਾਜ਼ੀਆਬਾਦ, ਬੁਲੰਦਸ਼ਹਿਰ, ਬਿਸਰਖ, ਭਿਵਾੜੀ, ਨੋਇਡਾ, ਗ੍ਰੇਟਰ ਨੋਇਡਾ, ਕਾਨਪੁਰ, ਲਖਨਊ, ਦਿੱਲੀ, ਫਰੀਦਾਬਾਦ, ਮੇਰਠ, ਜੀਂਦ, ਹਿਸਾਰ, ਆਗਰਾ, ਬਹਾਵਲਪੁਰ, ਮੁਜ਼ੱਫਰਨਗਰ, ਫ਼ਤਿਹਾਬਾਦ, ਬੰਧਵਾੜੀ, ਗੁਰੂਗ੍ਰਾਮ, ਯਮੁਨਾਨਗਰ, ਰੋਹਤਕ, ਮੁਜ਼ੱਫਰਪੁਰ ਸ਼ਾਮਲ ਹਨ।

Video Ad
Video Ad