ਦਿੱਲੀ ਬਾਰਡਰਾਂ ‘ਤੇ ਬੈਠੇ ਕਿਸਾਨਾਂ ਨੂੰ ਵੀ ਕੋਰੋਨਾ ਵੈਕਸੀਨ ਲਗਾਈ ਜਾਵੇ : ਰਾਕੇਸ਼ ਟਿਕੈਤ

ਨਵੀਂ ਦਿੱਲੀ, 18 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਪਿਛਲੇ ਸਾਢੇ 3 ਮਹੀਨੇ ਤੋਂ ਕਿਸਾਨ ਅੰਦੋਲਨ ਜਾਰੀ ਹੈ। ਇਸ ਦੌਰਾਨ ਕੋਰੋਨਾ ਦੇ ਵੱਧ ਰਹੇ ਖ਼ਤਰੇ ਨੂੰ ਵੇਖਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਧਰਨਾ ਸਥਾਨ ‘ਤੇ ਹੀ ਕੋਰੋਨਾ ਟੀਕਾਕਰਨ ਦਾ ਇੰਤਜ਼ਾਮ ਕੀਤਾ ਜਾਵੇ। ਟਿਕੈਟ ਨੇ ਕਿਹਾ ਕਿ ਉਹ ਖੁਦ ਵੀ ਕੋਰੋਨਾ ਟੀਕਾ ਲਗਵਾਉਣਗੇ। ਉਨ੍ਹਾਂ ਇਹ ਗੱਲ ਗਾਜੀਪੁਰ ਬਾਰਡਰ ‘ਤੇ ਕਹੀ।
ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਤੋਂ ਸਾਡੀ ਮੰਗ ਹੈ ਕਿ ਧਰਨਾ ਸਥਾਨ ‘ਤੇ ਜੋ ਲੋਕ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਨੂੰ ਵੀ ਕੋਰੋਨਾ ਵੈਕਸੀਨ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਕੋਰੋਨਾ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਾਂ ਅਤੇ ਪ੍ਰਦਰਸ਼ਨ ਕਰਨ ਆ ਰਹੇ ਨਵੇਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਮਾਸਕ ਤੇ ਸਰੀਰਕ ਦੂਰੀ ਦਾ ਖ਼ਾਸ ਖਿਆਲ ਰੱਖੋ। ਬਾਕੀ ਲੋਕਾਂ ਨਾਲ ਮੈਨੂੰ ਵੀ ਟੀਕਾ ਲਾਇਆ ਜਾਵੇ।
ਹਾਲਾਂਕਿ ਰਾਕੇਸ਼ ਟਿਕੈਤ ਨੇ ਇਹ ਵੀ ਦੁਹਾਰਾਇਆ ਕਿ ਅਸੀਂ ਕੋਰੋਨਾ ਕਾਰਨ ਧਰਨਾ ਖ਼ਤਮ ਨਹੀਂ ਕਰਾਂਗੇ। ਕੋਰੋਨਾ ਤੋਂ ਬਚਣ ਲਈ ਅਸੀਂ ਟੈਂਟ ਦੇ ਸਾਈਜ਼ ਨੂੰ ਹੋਰ ਵੱਡਾ ਕਰਾਂਗੇ ਤਾਂ ਜੋ ਸਰੀਰਕ ਦੂਰੀ ਦਾ ਖ਼ਾਸ ਖਿਆਲ ਰੱਖਿਆ ਸਕੇ। ਉਨ੍ਹਾਂ ਕਿਹਾ ਕਿ ਜਦੋਂ ਤਕ ਸਰਕਾਰ ਖੇਤੀ ਕਾਨੂੰਨ ਨੂੰ ਵਾਪਸ ਨਹੀਂ ਲੈਂਦੀ, ਉਦੋਂ ਤਕ ਅਸੀਂ ਅੰਦੋਲਨ ਜਾਰੀ ਰੱਖਾਂਗੇ।
ਦੂਜੇ ਪਾਸੇ, ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਸੋਮਵਾਰ ਨੂੰ ਦੇਸ਼ ਦੇ ਸਾਰੇ ਸੂਬਿਆਂ ‘ਚ ਟੀਕਾਕਰਨ ਸੈਸ਼ਨ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ 30 ਲੱਖ 39 ਹਜ਼ਾਰ 94 ਲੋਕਾਂ ਦਾ ਟੀਕਾਕਰਨ ਕੀਤਾ ਗਿਆ। ਇਨ੍ਹਾਂ ‘ਚੋਂ 60 ਲੱਖ ਜਾਂ ਵੱਧ ਉਮਰ ਦੇ 19 ਲੱਖ 77 ਹਜ਼ਾਰ 175 ਬਜ਼ੁਰਗਾਂ ਨੂੰ ਟੀਕਾ ਲਗਾਇਆ ਗਿਆ। ਇਸ ਦੇ ਨਾਲ ਹੀ 45 ਤੋਂ 59 ਸਾਲ ਦੇ 4 ਲੱਖ 24 ਹਜ਼ਾਰ 713 ਲੋਕਾਂ ਨੇ ਪਹਿਲੀ ਖੁਰਾਕ ਲਈ। ਇਸ ਤੋਂ ਇਲਾਵਾ 91 ਹਜ਼ਾਰ 228 ਸਿਹਤ ਕਰਮਚਾਰੀਆਂ ਨੇ ਪਹਿਲੀ ਅਤੇ 1 ਲੱਖ 53 ਹਜ਼ਾਰ 498 ਲੋਕਾਂ ਨੇ ਦੂਜੀ ਖੁਰਾਕ ਲਈ।

Video Ad
Video Ad