Home ਤਾਜ਼ਾ ਖਬਰਾਂ ਦਿੱਲੀ ਹਾਈ ਕੋਰਟ ਦਾ ਵੱਡਾ ਆਦੇਸ਼ ; ਕਾਰ ‘ਚ ਇਕੱਲੇ ਬੈਠੇ ਵਿਅਕਤੀ ਨੂੰ ਵੀ ਮਾਸਕ ਲਗਾਉਣਾ ਜ਼ਰੂਰੀ

ਦਿੱਲੀ ਹਾਈ ਕੋਰਟ ਦਾ ਵੱਡਾ ਆਦੇਸ਼ ; ਕਾਰ ‘ਚ ਇਕੱਲੇ ਬੈਠੇ ਵਿਅਕਤੀ ਨੂੰ ਵੀ ਮਾਸਕ ਲਗਾਉਣਾ ਜ਼ਰੂਰੀ

0
ਦਿੱਲੀ ਹਾਈ ਕੋਰਟ ਦਾ ਵੱਡਾ ਆਦੇਸ਼ ; ਕਾਰ ‘ਚ ਇਕੱਲੇ ਬੈਠੇ ਵਿਅਕਤੀ ਨੂੰ ਵੀ ਮਾਸਕ ਲਗਾਉਣਾ ਜ਼ਰੂਰੀ

ਨਵੀਂ ਦਿੱਲੀ, 7 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਜੇ ਤੁਸੀਂ ਆਪਣੀ ਕਾਰ ‘ਚ ਇਕੱਲੇ ਸਫ਼ਰ ਕਰ ਰਹੇ ਹੋ ਤਾਂ ਕੀ ਤੁਹਾਨੂੰ ਮਾਸਕ ਪਹਿਨਣਾ ਜ਼ਰੂਰੀ ਹੈ? ਇਸ ਮਾਮਲੇ ‘ਤੇ ਛਿੜੀ ਬਹਿਸ ਵਿਚਕਾਰ ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਇਕ ਮਹੱਤਵਪੂਰਨ ਫ਼ੈਸਲਾ ਸੁਣਾਇਆ ਹੈ।

ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਜੇ ਤੁਸੀਂ ਆਪਣੀ ਕਾਰ ‘ਚ ਇਕੱਲੇ ਸਫ਼ਰ ਕਰ ਰਹੇ ਹੋ ਤਾਂ ਵੀ ਤੁਹਾਨੂੰ ਮਾਸਕ ਪਹਿਨਣਾ ਜ਼ਰੂਰੀ ਹੈ। ਇਸ ਮਾਮਲੇ ਨੂੰ ਲੈ ਕੇ ਦਿੱਲੀ ਹਾਈ ਕੋਰਟ ‘ਚ 4 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ, ਜਿਨ੍ਹਾਂ ਨੇ ਗੱਡੀ ਅੰਦਰ ਬੈਠੇ ਇਕੱਲੇ ਸ਼ਖ਼ਸ ਨੂੰ ਮਾਸਕ ਨਾ ਪਹਿਨਣ ‘ਤੇ ਲਗਾਏ ਜੁਰਮਾਨੇ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਇਨ੍ਹਾਂ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ।

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚਕਾਰ ਦਿੱਲੀ ਹਾਈ ਕੋਰਟ ਵੱਲੋਂ ਸੁਣਾਏ ਇਸ ਫ਼ੈਸਲੇ ‘ਚ ਕਿਹਾ, “ਕੋਰੋਨਾ ਵਿਰੁੱਧ ਮਾਸਕ ਇਕ ਸੁਰੱਖਿਆ ਕਵਚ ਵਜੋਂ ਕੰਮ ਕਰਦਾ ਹੈ। ਇਸ ਲਈ ਭਾਵੇਂ ਤੁਸੀਂ ਆਪਣੀ ਕਾਰ ‘ਚ ਇਕੱਲੇ ਸਫ਼ਰ ਕਰ ਰਹੇ ਹੋ, ਤਾਂ ਵੀ ਤੁਹਾਨੂੰ ਮਾਸਕ ਪਹਿਨਣਾ ਜ਼ਰੂਰੀ ਹੈ। ਕਾਰ ਨੂੰ ਜਨਤਕ ਥਾਂ ਵਜੋਂ ਰੱਖਿਆ ਗਿਆ ਹੈ। ਇਸ ਲਈ ਇਕੱਲੇ ਯਾਤਰਾ ਕਰਨ ਸਮੇਂ ਵੀ ਮਾਸਕ ਪਹਿਨਣਾ ਜ਼ਰੂਰੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਿੱਲੀ ‘ਚ ਕਾਰ ਅੰਦਰ ਇਕੱਲੇ ਬੈਠੇ ਹੋਣ ‘ਤੇ ਮਾਸਕ ਨਾ ਪਹਿਨਣ ‘ਤੇ ਜੁਰਮਾਨੇ ਦਾ ਮਾਮਲਾ ਅਦਾਲਤ ਪਹੁੰਚ ਚੁੱਕਾ ਹੈ। ਉਸ ਸਮੇਂ ਵੀ ਦਿੱਲੀ ਸਰਕਾਰ ਨੇ ਅਦਾਲਤ ‘ਚ ਕਿਹਾ ਸੀ ਕਿ ਗੱਡੀ ਨੂੰ ਜਨਤਕ ਥਾਂ ਤੌਰ ‘ਤੇ ਰੱਖਿਆ ਗਿਆ ਹੈ। ਇਸ ਲਈ ਭਾਵੇਂ ਤੁਸੀ ਗੱਡੀ ‘ਚ ਇਕੱਲੇ ਹੋ, ਮਾਸਕ ਪਹਿਨਣਾ ਜ਼ਰੂਰੀ ਹੈ। ਦੱਸ ਦੇਈਏ ਕਿ ਦੇਸ਼ ‘ਚ ਕੋਰੋਨਾ ਵਾਇਰਸ ਮਹਾਂਮਾਰੀ ਇਕ ਵਾਰ ਫਿਰ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਬੁੱਧਵਾਰ ਨੂੰ ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ 1 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ ਤੋਂ ਬਾਅਦ ਹੁਣ ਦਿੱਲੀ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦਿੱਲੀ ‘ਚ ਕੋਰੋਨਾ ਵਾਇਰਸ ਦੇ ਅੰਕੜੇ ਡਰਾ ਰਹੇ ਹਨ। ਮੰਗਲਵਾਰ ਨੂੰ ਇਕ ਦਿਨ ‘ਚ ਦਿੱਲੀ ਵਿੱਚ 5 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ। ਅਜਿਹੀ ਸਥਿਤੀ ‘ਚ ਦਿੱਲੀ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਜੁੜੇ ਨਿਯਮਾਂ ਪ੍ਰਤੀ ਸਖ਼ਤੀ ਵਧਾ ਦਿੱਤੀ ਹੈ। ਦਿੱਲੀ ‘ਚ ਮਾਸਕ ਨਾ ਪਾਉਣ ‘ਤੇ 2000 ਰੁਪਏ ਦਾ ਜੁਰਮਾਨਾ ਹੈ।