
ਹੁਸ਼ਿਆਰਪੁਰ, 1 ਅਪ੍ਰੈਲ, ਹ.ਬ. : ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੇ ਰਹਿਣ ਵਾਲੇ 21 ਸਾਲਾ ਚਰਣਜੀਤ ਸਿੰਘ ਉਰਫ ਚੰਨੀ ਨੂੰ ਦੁਬਈ ਵਿਚ ਇੱਕ ਪਾਕਿਸਤਾਨੀ ਨੌਜਵਾਨ ਦੇ ਕਤਲ ਕੇਸ ਵਿਚ ਸਥਾਨਕ ਕੋਰਟ ਨੇ ਗੋਲੀ ਮਾਰਨ ਦਾ ਆਦੇਸ਼ ਸੁਣਾਇਆ ਹੈ। ਪਿੰਡ ਸਰਹਾਲਾ ਕਲਾਂ ਦਾ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ। 30 ਮਾਰਚ ਨੂੰ ਦੁਬਈ ਪੁਲਿਸ ਨੇ ਚੰਨੀ ਦੇ ਦਸਤਖਤ ਵੀ ਕਰਵਾ ਲਏ ਹਨ। ਬੁਧਵਾਰ ਨੂੰ ਪਿਤਾ ਤਿਲਕ ਰਾਜ ਅਤੇ ਮਾਂ ਬਬਲੀ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ 4 ਸਾਥੀਆਂ ਸਣੇ ਸ਼ਰਾਬ ਦੇ ਇੱਕ ਮਾਮਲੇ ਵਿਚ ਫੜਿਆ ਗਿਆ ਸੀ ਲੇਕਿਨ ਉਸ ’ਤੇ ਪਾਕਿਸਤਾਨੀ ਮੁੰਡੇ ਦਾ ਝੂਠਾ ਕਤਲ ਕੇਸ ਪਾ ਦਿੱਤਾ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਦੁਬਈ ਸਰਕਾਰ ਨਾਲ ਗੱਲਬਾਤ ਕਰਕੇ ਚਰਨਜੀਤ ਨੂੰ ਵਾਪਸ ਲਿਆਵੇ। ਘਰ ਵਾਲਿਆਂ ਨੇ ਦੱਸਿਆ ਕਿ ਸਰਹਾਲਾ ਕਲਾਂ ਦਾ ਘਰ ਵੇਚ ਕੇ ਅਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ। ਚਰਨਜੀਤ ਸਿੰਘ ਨੂੰ 15 ਮਾਰਚ ਨੂੰ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਤੇ 3 ਹੋਰਾਂ ਨੂੰ ਹੋਰ ਸਜ਼ਾ ਦਿੱਤੀ ਗਈ। ਚਰਨਜੀਤ ਸਿੰਘ ਇਸ ਵੇਲੇ ਅਲਵਾਤਲਾ ਸੈਂਟਰ ਜੇਲ੍ਹ ਆਬੂਧਾਬੀ ਵਿਖੇ ਹੈ।