ਅੰਮ੍ਰਿਤਸਰ, 12 ਫ਼ਰਵਰੀ, ਹ.ਬ. : ਮੁੱਖ ਮੰਤਰੀ ਚਿਹਰੇ ਦਾ ਐਲਾਨ ਹੋਣ ਤੋਂ ਪਹਿਲਾਂ ਤੋਤੇ ਦੀ ਤਰ੍ਹਾਂ ਬੋਲਣ ਵਾਲੇ ਨਵਜੋਤ ਸਿੰਘ ਸਿੱਧੂ ਹੁਣ ਕੁੱਝ ਚੁੱਪ-ਚੁੱਪ ਦਿਖਾਈ ਦੇ ਰਹੇ ਨੇ, ਜਦਕਿ 6 ਫਰਵਰੀ ਤੋਂ ਪਹਿਲਾਂ ਸਿੱਧੂ ਸੂਬੇ ਵਿਚ ਆਪਣੇ ‘ਪੰਜਾਬ ਮਾਡਲ’ ਦੇ ਨਾਲ ਪ੍ਰਚਾਰ ਕਰ ਰਹੇ ਸੀ, ਮੰਚ ’ਤੇ ਖੜ੍ਹੇ ਹੋ ਕੇ ਮੰਤਰੀ ਅਹੁਦੇ ਅਤੇ ਟਿਕਟ ਵੰਡ ਰਹੇ ਸੀ ਪਰ ਹੁਣ ਸਥਿਤੀ ਇਹ ਬਣ ਗਈ ਕਿ ਨਵਜੋਤ ਸਿੱਧੂ ਮਹਿਜ਼ ਆਪਣੇ ਹਲਕੇ ਅੰਮ੍ਰਿਤਸਰ ਪੂਰਬੀ ਤੱਕ ਸੀਮਤ ਹੋ ਕੇ ਰਹਿ ਗਏ ਨੇ। ਭਾਵੇਂ ਕਿ ਨਵਜੋਤ ਸਿੱਧੂ ਆਪਣੇ ਵਿਰੋਧੀ ਬਿਕਰਮ ਮਜੀਠੀਆ ਨੂੰ ਇਕ ਚਿੱਚੜ ਜਾਂ ਜੂੰ ਦੇ ਬਰਾਬਰ ਸਮਝਦੇ ਨੇ ਪਰ ਸਥਿਤੀ ਇਹ ਬਣੀ ਹੋਈ ਐ ਕਿ ਇਹ ਪਹਿਲਾ ਮੌਕਾ ਏ ਜਦੋਂ ਨਵਜੋਤ ਸਿੱਧੂ ਆਪਣੇ ਹਲਕੇ ਵਿਚ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ। ਹੋਰ ਤਾਂ ਹੋਰ ਉਨ੍ਹਾਂ ਨੂੰ ਪ੍ਰਚਾਰ ਦੇ ਲਈ ਆਪਣੇ ਸਿਆਸੀ ਮੁਕਾਬਲੇਬਾਜ਼ ਰਹੇ ਨੇਤਾਵਾਂ ਦਾ ਵੀ ਸਹਾਰਾ ਲੈਣਾ ਪੈ ਰਿਹਾ । ਪੰਜਾਬ ਵਿਚ ਕਾਂਗਰਸ ਪਾਰਟੀ ਨੇ 6 ਫਰਵਰੀ ਨੂੰ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨ ਕੀਤਾ ਸੀ। ਇਸ ਐਲਾਨ ਦੇ ਨਾਲ ਹੀ ਸੂਬੇ ਖ਼ਾਸ ਕਰਕੇ ਕਾਂਗਰਸ ਵਿਚ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਗਏ ਕਿਉਂਕਿ ਇਸ ਐਲਾਨ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਵਿਚ ਕਾਂਗਰਸ ਦੇ ਸਟਾਰ ਪ੍ਰਚਾਰਕ ਬਣੇ ਹੋਏ ਸੀ ਅਤੇ ਉਨ੍ਹਾਂ ਨੇ ਪੂਰੇ ਸੂਬੇ ਵਿਚ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਸੀ, ਪੰਜਾਬ ਦੇ 54 ਵਿਧਾਨ ਸਭਾ ਹਲਕਿਆਂ ਵਿਚ ਉਹ ਪ੍ਰਚਾਰ ਕਰ ਚੁੱਕੇ ਸੀ। ਇੱਥੇ ਹੀ ਬਸ ਨਹੀਂ, ਇਨ੍ਹਾਂ ਰੈਲੀਆਂ ਦੌਰਾਨ ਸਿੱਧੂ ਆਪਣੇ ਵਿਰੋਧੀਆਂ ਦੇ ਨਾਲ-ਨਾਲ ਪਾਰਟੀ ਵਿਚਲੇ ਰਾਜਨੀਤਕ ਮੁਕਾਬਲੇਬਾਜ਼ਾਂ ’ਤੇ ਵੀ ਨਿਸ਼ਾਨੇ ਸਾਧ ਰਹੇ ਸੀ, ਕਈ ਰੈਲੀਆਂ ਵਿਚ ਉਨ੍ਹਾਂ ਆਪਣੇ ਚਹੇਤਿਆਂ ਨੂੰ ਮੰਤਰੀ ਅਤੇ ਪਾਰਟੀ ਉਮੀਦਵਾਰ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਸੀ, ਨਾਲ਼ ਹੀ ਉਹ ਪੰਜਾਬ ਮਾਡਲ ਦੀ ਗੱਲ ਵੀ ਕਰਦੇ ਰਹੇ ਪਰ ਹੁਣ ਉਨ੍ਹਾਂ ਦੀ ਹਾਲਤ ਇਹ ਬਣ ਗਈ ਐ ਕਿ ਉਨ੍ਹਾਂ ਨੂੰ ਮਜੀਠੀਆ ਤੋਂ ਬਿਨਾਂ ਕੁੱਝ ਦਿਖਾਈ ਨਹੀਂ ਦਿੰਦਾ, ਨਾ ਪੰਜਾਬ ਮਾਡਲ ਅਤੇ ਨਾ ਕੁੱਝ ਹੋਰ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅੰਮ੍ਰਿਤਸਰ ਪੂਰਬੀ ਸੀਟ ’ਤੇ 18 ਸਾਲ ਵਿਚ ਪਹਿਲੀ ਵਾਰ ਨਵਜੋਤ ਸਿੰਘ ਸਿੱਧੂ ਨੂੰ ਤਕੜੀ ਟੱਕਰ ਦਾ ਸਾਹਮਣਾ ਕਰਨਾ ਪੈ ਰਿਹੈ। ਉਨ੍ਹਾਂ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਤੋਂ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਚੋਣ ਲੜ ਰਹੇ ਨੇ।

