ਦੇਸ਼ ਦੀ ਨਵੀਂ ਪੀੜ੍ਹੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ : ਮੋਦੀ

ਨਵੀਂ ਦਿੱਲੀ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਧੂਮਧਾਮ ਨਾਲ ਮਨਾਉਣ ਲਈ ਗਠਿਤ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਉਣਾ ਇਕ ਰਾਸ਼ਟਰੀ ਕਰੱਤਵ ਹੈ। ਇਸ ‘ਚ ਅਸੀਂ ਕੁੱਝ ਹਿੱਸਾ ਪਾ ਸਕਦੇ ਹਾਂ। ਇਹ ਗੁਰੂ ਕਿਰਪਾ ਸਾਡੇ ਸਾਰਿਆਂ ‘ਤੇ ਹੋਈ ਹੈ।

Video Ad

ਵੀਡੀਓ ਕਾਨਫ਼ਰੰਸਿੰਗ ਰਾਹੀਂ ਆਯੋਜਿਤ ਇਸ ਬੈਠਕ ‘ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਮੇਤ ਕਮੇਟੀ ਦੇ ਹੋਰ ਮੈਂਬਰਾਂ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਨੇ ਰਾਸ਼ਟਰ ਸੇਵਾ ਦੇ ਨਾਲ-ਨਾਲ ਜੀਵ ਸੇਵਾ ਦਾ ਮਾਰਗ ਵਿਖਾਇਆ ਅਤੇ ਸਮਾਨਤਾ ਤੇ ਤਿਆਗ ਦਾ ਮੰਤਰ ਦਿੱਤਾ।

ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਦੀ ਗੁਰੂ ਪਰੰਪਰਾ ਨੂੰ ਇਕ ਸੰਪੂਰਨ ਜੀਵਨ ਦਰਸ਼ਨ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਨਵੀਂ ਪੀੜ੍ਹੀ ਲਈ ਇਸ ਬਾਰੇ ਜਾਣਨਾ ਵੀ ਬਹੁਤ ਹੀ ਜ਼ਰੂਰੀ ਹੈ। ਇਸ ਦੌਰਾਨ ਸ਼ਾਹ ਨੇ ਸਾਲ ਭਰ ਆਯੋਜਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੇ ਸਬੰਧ ‘ਚ ਮੈਂਬਰਾਂ ਵਲੋਂ ਦਿੱਤੇ ਸੁਝਾਵਾਂ ਬਾਰੇ ਇਕ ਪੇਸ਼ਕਾਰੀ ਦਿੱਤੀ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਇਕ ਰੂਹਾਨੀ ਸੌਭਾਗ ਵੀ ਹੈ ਅਤੇ ਇਕ ਰਾਸ਼ਟਰੀ ਕਰਤੱਵ ਵੀ ਹੈ। ਇਸ ‘ਚ ਅਸੀਂ ਆਪਣਾ ਕੁਝ ਯੋਗਦਾਨ ਦੇ ਸਕੀਏ। ਇਹ ਗੁਰੂ ਕ੍ਰਿਪਾ ਸਾਨੂੰ ਸਾਰਿਆਂ ਨੂੰ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆ ਜੇਕਰ ਜੀਵਨ ਦੀ ਸਾਥਰਕਤਾ ਨੂੰ ਸਮਝਣਾ ਚਾਹੇ ਤਾਂ ਗੁਰੂਆਂ ਦੇ ਜੀਵਨ ਨੂੰ ਵੇਖ ਕੇ ਆਸਾਨੀ ਨਾਲ ਸਮਝ ਵੀ ਸਕਦੀ ਹੈ। ਉਨ੍ਹਾਂ ਦੇ ਜੀਵਨ ‘ਚ ਤਿਆਗ ਸੀ।

ਉਨ੍ਹਾਂ ਦੇ ਜੀਵਨ ‘ਚ ਗਿਆਨ ਵੀ ਸੀ, ਪ੍ਰਕਾਸ਼ ਵੀ ਸੀ ਅਤੇ ਰੂਹਾਨੀ ਉੱਚਾਈ ਵੀ ਸੀ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਸਮਾਨਤਾ, ਤਿਆਗ ਦਾ ਮੰਤਰ ਸਾਨੂੰ ਦਿੱਤਾ ਹੈ। ਇਨ੍ਹਾਂ ਮੰਤਰਾਂ ਨੂੰ ਖੁਦ ਜਿਊਣਾ ਅਤੇ ਜਨ-ਜਨ ਤਕ ਪਹੁੰਚਾਉਣਾ ਹੀ ਸਾਡੇ ਸਾਰਿਆਂ ਦਾ ਕਰਤੱਵ ਹੈ। ਪ੍ਰਧਾਨ ਮੰਤਰੀ ਨੇ ਸਾਲ ਭਰ ਹੋਣ ਵਾਲੇ ਆਯੋਜਨਾਂ ਅਤੇ ਪ੍ਰੋਗਰਾਮਾਂ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜੇ ਜਾਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਤੋਂ ਨਵੀਂ ਪੀੜ੍ਹੀ ਨੂੰ ਪ੍ਰੇਰਣਾ ਮਿਲੇਗੀ।

Video Ad