ਦੇਸ਼ ‘ਚ ਹਰੇਕ ਬਾਲਗ ਨੂੰ ਨਹੀਂ ਲੱਗੇਗਾ ਕੋਰੋਨਾ ਟੀਕਾ, ਕੇਂਦਰ ਸਰਕਾਰ ਨੇ ਦਿੱਤਾ ਸਪੱਸ਼ਟ ਜਵਾਬ

ਨਵੀਂ ਦਿੱਲੀ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਦੇਸ਼ ‘ਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਟੀਕਾ ਲਗਾਉਣ ਦੇ ਸੁਝਾਅ ਨੂੰ ਕੇਂਦਰ ਸਰਕਾਰ ਨੇ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਸਪੱਸ਼ਟ ਕੀਤਾ ਸੀ ਕਿ ਇਸ ਸਮੇਂ ਦੇਸ਼ ਦੇ ਸਾਰੇ ਲੋਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਦੀ ਕੋਈ ਯੋਜਨਾ ਨਹੀਂ ਹੈ।

Video Ad

ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਦੇਸ਼ ‘ਚ ਹਰ ਕਿਸੇ ਨੂੰ ਟੀਕਾ ਕਿਉਂ ਨਹੀਂ ਲਗਾਇਆ ਜਾ ਰਿਹਾ। ਟੀਕਾਕਰਣ ਦੀ ਮੁਹਿੰਮ ਦੇ ਦੋ ਟੀਚੇ ਹਨ – ਮੌਤਾਂ ਨੂੰ ਰੋਕਣਾ ਅਤੇ ਸਿਹਤ ਸੰਭਾਲ ਪ੍ਰਣਾਲੀ ਦੀ ਰੱਖਿਆ। ਟੀਕਾ ਦੇਣ ਦਾ ਉਦੇਸ਼ ਇਹ ਨਹੀਂ ਹੈ ਕਿ ਜਿਸ ਦੀ ਮਰਜ਼ੀ ਹੋਵੇ, ਉਸ ਨੂੰ ਟੀਕਾ ਲਗਾਇਆ ਜਾਵੇ, ਸਗੋਂ ਉਨ੍ਹਾਂ ਨੂੰ ਟੀਕਾ ਲਗਾਇਆ ਜਾਵੇ, ਜਿਨ੍ਹਾਂ ਨੂੰ ਇਸ ਦੀ ਲੋੜ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਸਕੱਤਰ ਨੇ ਕਿਹਾ ਕਿ ਦੇਸ਼ ਦੇ 50 ਜ਼ਿਲ੍ਹੇ ਚਿੰਤਾ ਦਾ ਕਾਰਨ ਬਣੇ ਹੋਏ ਹਨ। ਇਨ੍ਹਾਂ ‘ਚੋਂ 30 ਜ਼ਿਲ੍ਹੇ ਮਹਾਰਾਸ਼ਟਰ ਦੇ ਹਨ। ਛੱਤੀਸਗੜ੍ਹ ‘ਚ ਅਜਿਹੇ 11 ਜ਼ਿਲ੍ਹੇ ਹਨ ਅਤੇ 9 ਜ਼ਿਲ੍ਹੇ ਪੰਜਾਬ ਦੇ ਹਨ। ਕੇਂਦਰ ਸਰਕਾਰ ਨੇ ਕੋਰੋਨਾ ਨਾਲ ਨਜਿੱਠਣ ਦੀ ਤਿਆਰੀ ਦੀ ਨਿਗਰਾਨੀ ਲਈ ਇਨ੍ਹਾਂ ਸਾਰੇ ਜ਼ਿਲ੍ਹਿਆਂ ‘ਚ ਟੀਮਾਂ ਭੇਜਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਨੀਤੀ ਆਯੋਗ ਦੇ ਮੈਂਬਰ ਵੀ.ਕੇ. ਪੌਲ ਨੇ ਕਿਹਾ ਕਿ ਮਹਾਂਮਾਰੀ ਦਾ ਪ੍ਰਭਾਵ ਦੇਸ਼ ‘ਚ ਵਧਿਆ ਹੈ। ਪਹਿਲਾਂ ਹੀ, ਸਰਕਾਰ ਨੇ ਚਿਤਾਵਨੀ ਦਿੱਤੀ ਸੀ ਕਿ ਹੋ ਸਕਦਾ ਹੈ ਕਿ ਸਥਿਤੀ ‘ਚ ਸੁਧਾਰ ਹੋਇਆ ਹੈ, ਪਰ ਕੋਰੋਨਾ ਨੂੰ ਹਲਕੇ ‘ਚ ਨਹੀਂ ਲਿਆ ਜਾਣਾ ਚਾਹੀਦਾ। ਹੁਣ ਕੋਰੋਨਾ ਕਾਰਨ ਸਥਿਤੀ ਵਿਗੜ ਗਈ ਹੈ ਅਤੇ ਪਿਛਲੇ ਸਾਲ ਨਾਲੋਂ ਤੇਜ਼ੀ ਨਾਲ ਕੇਸ ਵੱਧ ਰਹੇ ਹਨ।

ਸਿਹਤ ਸਕੱਤਰ ਨੇ ਕਿਹਾ ਕਿ ਮਹਾਰਾਸ਼ਟਰ, ਪੰਜਾਬ ਸਮੇਤ ਕਈ ਸੂਬਿਆਂ ‘ਚ ਸੰਕਟ ਵਧਿਆ ਹੈ ਪਰ ਛੱਤੀਸਗੜ੍ਹ ਇੱਕ ਛੋਟਾ ਸੂਬਾ ਹੋਣ ਦੇ ਬਾਵਜੂਦ ਵੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਉਨ੍ਹਾਂ ਕਿਹਾ, “ਛੱਤੀਸਗੜ੍ਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਇਕ ਛੋਟਾ ਸੂਬਾ ਹੋਣ ਦੇ ਬਾਵਜੂਦ ਦੇਸ਼ ਭਰ ‘ਚ ਕੁੱਲ ਕੇਸਾਂ ‘ਚੋਂ 6 ਫ਼ੀਸਦੀ ਛੱਤੀਸਗੜ੍ਹ ‘ਚ ਹਨ ਅਤੇ 3 ਫ਼ੀਸਦੀ ਮੌਤਾਂ ਇਸ ਸੂਬੇ ‘ਚ ਹੋਈਆਂ ਹਨ। ਦੂਜੀ ਲਹਿਰ ‘ਚ ਛੱਤੀਸਗੜ ‘ਚ ਕੋਰੋਨਾ ਦਾ ਕਹਿਰ ਵਧਿਆ ਹੈ।”

Video Ad