
ਟੋਰਾਂਟੋ, 13 ਅਗਸਤ, ਹ.ਬ. : ਕੈਨੇਡਾ ਦੀ ‘ਨੋ ਫ਼ਲਾਈ ਲਿਸਟ’ ਵਿਚ ਸ਼ਾਮਲ ਬਰੈਂਪਟਨ ਦੇ ਭਗਤ ਸਿੰਘ ਬਰਾੜ ਅਤੇ ਵੈਨਕੂਵਰ ਦੇ ਪਰਵਕਾਰ ਸਿੰਘ ਨੂੰ ਅਦਾਲਤ ਤੋਂ ਵੀ ਕੋਈ ਰਾਹਤ ਨਹੀਂ ਮਿਲੀ ਅਤੇ ਦੋਹਾਂ ਦੇ ਜਹਾਜ਼ ਚੜ੍ਹਨ ’ਤੇ ਪਾਬੰਦੀ ਬਰਕਰਾਰ ਰਹੇਗੀ। ਫ਼ੈਡਰਲ ਅਦਾਲਤ ਨੇ ਦੋਹਾਂ ਦੀ ਇਹ ਦਲੀਲ ਮੰਨਣ ਤੋਂ ਇਨਕਾਰ ਕਰ ਦਿਤਾ ਕਿ ਸੁਰੱਖਿਅਤ ਹਵਾਈ ਸਫ਼ਰ ਐਕਟ ਅਧੀਨ ਉਨ੍ਹਾਂ ਨੂੰ ਜਹਾਜ਼ ਚੜ੍ਹਨ ਤੋਂ ਰੋਕਣਾ, ਬੁਨਿਆਦੀ ਹੱਕਾਂ ਦੀ ਸਰਾਸਰ ਉਲੰਘਣਾ ਕਰਨ ਦੇ ਤੁਲ ਹੈ। ਕੈਨੇਡਾ ਸਰਕਾਰ ਨੇ 2018 ਵਿਚ ਭਗਤ ਸਿੰਘ ਬਰਾੜ ਅਤੇ ਪਰਵਕਾਰ ਸਿੰਘ ਦੇ ਨਾਂ ‘ਨੋ ਫਲਾਈ ਲਿਸਟ’ ਵਿਚ ਸ਼ਾਮਲ ਕੀਤੇ ਸਨ। ਭਗਤ ਸਿੰਘ ਬਰਾੜ ਦਾ ਨਾਂ ਚੁੱਪ ਚਪੀਤੇ ਲਿਸਟ ਵਿਚ ਸ਼ਾਮਲ ਕਰ ਦਿਤਾ ਗਿਆ ਅਤੇ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਭਗਤ ਸਿੰਘ ਬਰਾੜ ਨੇ ਅਪ੍ਰੈਲ 2018 ਵਿਚ ਵੈਨਕੂਵਰ ਤੋਂ ਟੋਰਾਂਟੋ ਵਾਪਸੀ ਕਰਨ ਲਈ ਜਹਾਜ਼ ਚੜ੍ਹਨ ਦਾ ਯਤਨ ਕੀਤਾ ਪਰ ਏਅਰ ਕੈਨੇਡਾ ਅਤੇ ਵੈਸਟ ਜੈਟ ਦੋਹਾਂ ਵੱਲੋਂ ਇਨਕਾਰ ਕਰ ਦਿਤਾ ਗਿਆ।