ਬੰਗਲੁਰੂ, 20 ਮਾਰਚ (ਹਮਦਰਦ ਨਿਊਜ਼ ਸਰਵਿਸ) : ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ‘ਚ ਵੱਡੇ ਬਦਲਾਅ ‘ਤੇ ਮੋਹਰ ਲੱਗ ਗਈ ਹੈ। ਦੱਤਾਤ੍ਰੇਯ ਹੋਸਬਲੇ ਆਰ.ਐਸ.ਐਸ. ਦੇ ਨਵੇਂ ਸਰਕਾਰਯਵਾਹ (ਜਨਰਲ ਸੱਕਤਰ) ਬਣ ਗਏ ਹਨ। ਉਹ ਭਈਆ ਜੀ ਜੋਸ਼ੀ ਦੀ ਥਾਂ ਲੈਣਗੇ। ਜੋਸ਼ੀ ਪਿਛਲੇ 12 ਸਾਲ ਤੋਂ ਇਸ ਅਹੁਦੇ ‘ਤੇ ਸਨ। ਹੋਸਬਲੇ ਨੂੰ ਆਰ.ਐਸ.ਐਸ. ਦੀ ਅਖਿਲ ਭਾਰਤੀ ਪ੍ਰਤੀਨਿੱਧੀ ਸਭਾ ਦੀ ਬੰਗਲੁਰੂ ‘ਚ ਹੋਈ ਮੀਟਿੰਗ ‘ਚ ਨਵਾਂ ਸਰਕਾਰਯਵਾਹ ਬਣਾਇਆ ਗਿਆ।
ਸੰਘ ਦੇ ਇਤਿਹਾਸ ‘ਚ ਅੱਜ ਤਕ ਕਦੇ ਵੀ ਵੋਟਿੰਗ ਦੀ ਨੌਬਤ ਨਹੀਂ ਆਈ ਹੈ। ਹਰ ਵਾਰ ਸਰਕਾਰਯਵਾਹ ਦੀ ਚੋਣ ਸਰਬਸੰਮਤੀ ਨਾਲ ਹੁੰਦੀ ਹੈ। ਇਸ ਵਾਰ ਵੀ ਅਜਿਹਾ ਹੀ ਹੋਇਆ। ਸਾਰਿਆਂ ਨੇ ਇਕ ਆਵਾਜ਼ ‘ਚ ਦੱਤਾਤ੍ਰੇਯ ਹੋਸਬਲੇ ਦੇ ਨਾਮ ‘ਤੇ ਸੰਘ ਦੀ ਅਖਿਲ ਭਾਰਤੀ ਸਭਾ ‘ਚ ਮੋਹਰ ਲਗਾ ਦਿੱਤੀ। ਇਸ ਤੋਂ ਪਹਿਲਾਂ ਉਹ ਸਹਿ-ਸਰਕਾਰਯਵਾਹ ਦਾ ਅਹੁਦਾ ਸੰਭਾਲ ਰਹੇ ਸਨ।
ਦੱਤਾਤ੍ਰੇਯ ਹੋਸਬਲੇ ਨਾ ਸਿਰਫ਼ ਸਾਲ 2024 ਦੀਆਂ ਲੋਕ ਸਭਾ ਚੋਣਾਂ ਤਕ, ਸਗੋਂ ਸਾਲ 2025 ‘ਚ ਸੰਘ ਦੀ ਸਥਾਪਨਾ ਦੇ ਸ਼ਤਾਬਦੀ ਪ੍ਰੋਗਰਾਮ ਦੌਰਾਨ ਆਰ.ਐਸ.ਐਸ. ਦੇ ਸੰਗਠਨਾਤਮਕ ਢਾਂਚੇ ਨੂੰ ਕੰਟਰੋਲ ਕਰਨਗੇ। ਹੁਣ ਤਕ ਸੁਰੇਸ਼ ਭਾਈਆ ਜੀ ਜੋਸ਼ੀ ਸਾਲ 2009 ਤੋਂ ਸਰਕਾਰਯਵਾਹ ਮਤਲਬ ਜਨਰਲ ਸੱਕਤਰ ਦੀ ਜ਼ਿੰਮੇਵਾਰੀ ਨਿਭਾਅ ਰਹੇ ਸਨ। ਤਿੰਨ ਸਾਲ ਪਹਿਲਾਂ 2018 ‘ਚ ਉਨ੍ਹਾਂ ਨੇ ਅਹੁਦਾ ਛੱਡਣ ਦੀ ਪੇਸ਼ਕਸ਼ ਵੀ ਕੀਤੀ ਸੀ, ਪਰ ਉਨ੍ਹਾਂ ਦਾ ਕਾਰਜਕਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਧਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਦੱਤਾਤ੍ਰੇਯ ਹੋਸਬਲੇ ਦੀ ਮਾਂ ਬੋਲੀ ਕੰਨੜ ਹੈ, ਪਰ ਉਹ ਹਿੰਦੀ, ਅੰਗਰੇਜ਼ੀ, ਸੰਸਕ੍ਰਿਤ, ਤਾਮਿਲ ਅਤੇ ਮਰਾਠੀ ਤੋਂ ਇਲਾਵਾ ਕਈ ਵਿਦੇਸ਼ੀ ਭਾਸ਼ਾਵਾਂ ਵੀ ਜਾਣਦੇ ਹਨ। ਉਹ ਕੰਨੜ ਭਾਸ਼ਾ ਦੇ ਮਾਸਿਕ ਰਸਾਲੇ ‘ਅਸੀਮਾ’ ਦੇ ਸੰਸਥਾਪਕ ਅਤੇ ਸੰਪਾਦਕ ਵੀ ਹਨ। 1968 ‘ਚ 13 ਸਾਲ ਦੀ ਉਮਰ ‘ਚ ਹੀ ਉਹ ਸਵੈਸੇਵਕ ਬਣ ਗਏ ਸਨ। ਸਾਲ 1972 ‘ਚ ਉਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ‘ਚ ਸ਼ਾਮਲ ਹੋਏ ਅਤੇ 15 ਸਾਲ ਤਕ ਸੰਗਠਨ ਜਨਰਲ ਸਕੱਤਰ ਰਹੇ ਸਨ।
ਹੋਸਬਲੇ 1975-77 ਤਕ ਜੇ.ਪੀ. ਅੰਦੋਲਨ ‘ਚ ਵੀ ਸ਼ਾਮਲ ਸਨ ਅਤੇ ਮੀਸਾ ਕਾਨੂੰਨ ਤਹਿਤ 21 ਮਹੀਨਿਆਂ ਲਈ ਜੇਲ ਵੀ ਗਏ ਸਨ। ਜੇਲ ‘ਚ ਉਨ੍ਹਾਂ ਨੇ ਹੱਥ ਨਾਲ ਲਿਖੇ ਦੋ ਰਸਾਲਿਆਂ ਦਾ ਸੰਪਾਦਨ ਕੀਤਾ। ਸਾਲ 1978 ‘ਚ ਉਹ ਵਿਦਿਆਰਥੀ ਪ੍ਰੀਸ਼ਦ ਦੇ ਮੁੱਖ ਵਰਕਰ ਬਣ ਗਏ। ਅੰਡੇਮਾਨ ਤੇ ਨਿਕੋਬਾਰ ਆਈਲੈਂਡ ਅਤੇ ਉੱਤਰ-ਪੂਰਬੀ ਭਾਰਤ ‘ਚ ਏ.ਬੀ.ਵੀ.ਪੀ. ਨੂੰ ਅੱਗੇ ਵਧਾਉਣ ਦਾ ਪੂਰਾ ਸਿਹਰਾ ਦੱਤਾਤ੍ਰੇਯ ਹੋਸਬਲੇ ਦੇ ਸਿਰ ਬੰਨ੍ਹਿਆ ਜਾਂਦਾ ਹੈ। ਸਾਲ 2004 ‘ਚ ਉਨ੍ਹਾਂ ਨੂੰ ਸੰਘ ਦਾ ਆਲ ਇੰਡੀਆ ਸਹਿ-ਬੌਧਿਕ ਮੁਖੀ ਬਣਾਇਆ ਗਿਆ ਸੀ।

