ਧਰਤੀ ਹੇਠਲਾ ਪਾਣੀ ਮਨੁੱਖੀ ਜੀਵਨ ਲਈ ਅਤਿ ਜ਼ਰੂਰੀ

ਪਾਣੀ ਦੇ ਸੰਕਟ ਨੂੰ ਲੈ ਕੇ ਦੁਨੀਆ ਭਰ ਦੇ ਵਿਗਿਆਨੀ ਕਈ ਦਹਾਕਿਆਂ ਤੋਂ ਚੇਤਾਵਨੀਆਂ ਦੇ ਰਹੇ ਹਨ ਕਿ ਖੇਤੀ ਅਤੇ ਉਦਯੋਗ ਦਰਿਆਈ ਪਾਣੀਆਂ ਨਾਲ ਕੀਤਾ ਜਾਵੇ ਕਿਉਂਕਿ ਧਰਤੀ ਹੇਠਲਾ ਪਾਣੀ ਮਨੁੱਖੀ ਜੀਵਨ ਲਈ ਅਤਿ ਜ਼ਰੂਰੀ ਹੈ। ਦਰਿਆਈ ਪਾਣੀ ਵਿੱਚ ਸੌ ਤੋਂ ਵੱਧ ਤਰਾਂ ਦੇ ਵੱਖ ਵੱਖ mineral ਅਤੇ sediment ਹੁੰਦੇ ਹਨ, ਜੋ ਕਿ ਕੁਦਰਤੀ ਤੌਰ ਉੱਤੇ ਵਧੀਆ ਫਸਲਾਂ ਲਈ ਧਰਤੀ ਨੂੰ ਉਪਜਾਊ ਬਣਾ ਕੇ ਰੱਖਦੇ ਹਨ। ਪਰ ਪੰਜਾਬ ਦੇ ਦਰਿਆਵਾਂ ਦਾ ਕੀਮਤੀ ਪਾਣੀ ਹਰ ਸਾਲ ਅਜਾਈਂ ਵਹਿ ਜਾਂਦਾ ਹੈ। ਜਿਸ ਕਾਰਨ ਕਿਸਾਨ ਧਰਤੀ ਹੇਠਲਾ ਪਾਣੀ ਵਰਤਣ ਲਈ ਮਜਬੂਰ ਹਨ। ਪੰਜਾਬ ਦੇ 13 ਲੱਖ ਟਿਊਬਵੈਲ ਪੰਜਾਬ ਨੂੰ ਲਗਾਤਾਰ ਖ਼ਾਤਮੇ ਵੱਲ ਲਿਜਾ ਰਹੇ ਹਨ। ਪੰਜਾਬ ਕੇਵਲ ਰੇਗਿਸਤਾਨ ਹੀ ਨਹੀਂ ਬਲਕਿ ਜ਼ਹਿਰੀਲਾ ਰੇਗਿਸਤਾਨ ਬਣਨ ਵੱਲ ਵਧ ਰਿਹਾ। ਅਜਿਹੇ ਹਾਲਾਤਾਂ ਵਿੱਚ ਕਿਸਾਨਾਂ ਨੂੰ ‘ਝੋਨਾ ਲਾਉਣ’ ਵਰਗੇ ਦੋਸ਼ ਲਾ ਕੇ ਅਸਲੀ ਦੋਸ਼ੀਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ।
ਪੰਜਾਬ, ਹਰਿਆਣਾ, ਦਿਲੀ, ਰਾਜਸਥਾਨ ਆਦਿ ਭਾਰਤ ਦੇ ਰਾਜਾ ਵਿਚ ਪਾਣੀ ਨੂੰ ਲੈ ਕੇ ਅਕਸਰ ਰਾਜਨੀਤਕ ਜੰਗ ਚਲਦੀ ਰਹਿੰਦੀ ਹੈ। ਜੋ ਆਉਣ ਵਾਲੇ ਸਮੇਂ ਵਿੱਚ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਯੂ. ਐਨ. ਓ. ਦੀ ਇਕ ਰਿਪੋਰਟ ਵਿੱਚ ਇਹ ਪ੍ਰਗਟਾਵਾ ਹੋਇਆ ਹੈ ਕਿ ਜੇ ਸੰਸਾਰ ਦੀ ‘ਤੀਜੀ ਵਿਸ਼ਵ ਜੰਗ’ ਹੋਈ ਤਾਂ ਉਹ ‘ਪਾਣੀਆਂ’ ਦੇ ਮਸਲੇ ‘ਤੇ ਹੀ ਹੋਵੇਗੀ। ਪਾਣੀ ਤੋਂ ਬਿਨਾਂ ਜੀਵਨ ਅਸੰਭਵ ਹੈ। ਪਾਣੀ ਕੁਦਰਤ ਦੀ ਅਨਮੋਲ ਦੇਣ ਹੈ ਅਤੇ ਇਸਦੀ ਸੰਭਾਲ ਆਪਣੀ ਅਣਸਰਦੀ ਲੋੜ ਹੈ। ਲੋਕਾਂ ‘ਤੇ ਰਾਜ ਕਰਦੀਆਂ ਸਰਕਾਰਾਂ ਆਪਣੇ ਰਾਜਸੀ ਫਾਇਦਿਆਂ  ਖ਼ਾਤਰ ਪਾਣੀ ਦੀ ਸੰਭਾਲ ਪ੍ਰਤੀ ਕੋਈ ਠੋਸ ਉਪਰਾਲੇ ਨਹੀਂ ਕਰ ਰਹੀਆਂ। ਸਿੱਟੇ ਵਜੋਂ ਵੱਡੇ-ਵੱਡੇ ਕਾਰਖਾਨਿਆਂ ਵਿੱਚੋਂ ਨਿਕਲਦਾ ਅੱਤ ਦਰਜੇ ਦਾ ਦੂਸ਼ਿਤ ਪਾਣੀ ਸ਼ਰੇਆਮ ਸਾਡੇ ਦਰਿਆਵਾਂ ਵਿੱਚ ਸੁੱਟ ਕੇ ਜੀਵਨ ਨੂੰ ਮੌਤ ਦੇ ਰਾਹ ਤੋਰਿਆ ਜਾ ਰਿਹਾ ਹੈ। ਕੁਦਰਤ ਨਾਲ ਕੀਤੀ ਜਾਂਦੀ ਛੇੜਛਾੜ ਬਹੁਤ ਹਾਨੀਕਾਰਕ ਹੁੰਦੀ ਹੈ। ਮਨੁੱਖ ਦੁਆਰਾ ਕੁਦਰਤੀ ਸੰਤੁਲਨ ਵਿੱਚ ਵਿਗਾੜ, ਪਾਣੀ ਕੱਢਣ ‘ਤੇ ਜ਼ੋਰ, ਧਰਤੀ ਨੂੰ ਮੁੜ ਸਿੰਜਣ (Recharge) ਵੱਲ ਬੇਧਿਆਨੀ, ਕੁਦਰਤ ਉੱਤੇ ਹਮਲਾ ਹੈ। ਜਦੋਂ ਮਨੁੱਖ ਕੁਦਰਤ ਉੱਤੇ ਹਮਲਾ ਕਰਦਾ ਹੈ, ਕੁਦਰਤ ਮੋੜਵਾਂ ਹਮਲਾ ਕਰਦੀ ਹੈ। ਮਨੁੱਖ ਤੋਂ ਬਦਲਾ ਲੈਂਦੀ ਹੈ ਅਤੇ ਮੁੜ ਆਪਣਾ ਸੰਤੁਲਨ ਸਥਾਪਤ ਕਰਦੀ ਹੈ। ਹੁਣ ਸੰਸਾਰ ਪੱਧਰ ‘ਤੇ ਫੈਲੀ ਮਹਾਂਮਾਰੀ “ਕੋਰੋਨਾ ਵਾਇਰਸ” ( Covid-19) ਇਸੇ ਦਾ ਸਿੱਟਾ ਹੈ। ਮਨੁੱਖ ਬੇਸ਼ੱਕ ਚੰਦ ਤੱਕ ਪਹੁੰਚ ਗਿਆ ਹੈ ਪਰ ਫਿਰ ਵੀ ਕੁਦਰਤ ਤੋਂ ਬਲਵਾਨ ਨਹੀਂ ਹੋ ਸਕਦਾ। ਇਸ ਮਹਾਂਮਾਰੀ ਦੌਰਾਨ ਜਦੋਂ ਸਭ ਕੁੱਝ ਥਮ ਗਿਆ ਹੈ ਤੇ ਮਨੁੱਖ ਘਰਾਂ ਵਿੱਚ ਕੈਦ ਹੋ ਕੇ ਰਹਿ ਗਿਆ ਹੈ ਤਾਂ ਕੁਦਰਤ ਆਪਣੇ ਅਸਲ ਰੰਗ ਵਿੱਚ ਰੰਗੀ ਦਿਖਾਈ ਦੇਣ ਲੱਗੀ ਹੈ। ਵਾਤਾਵਰਨ ਸਾਫ ਹੋਣ ਦੇ ਨਾਲ-ਨਾਲ, ਨਦੀਆਂ, ਨਾਲਿਆਂ ਦੇ ਪਾਣੀ ਦਾ ਰੰਗ ਵੀ ਬਦਲ ਗਿਆ ਹੈ। ਇਹ ਸੱਚ ਹੈ ਕਿ ਕੁਦਰਤ, ਸੰਤੁਲਨ ਦਾ ਨਾਮ ਹੈ। ਜੇ ਇਸ ਭੇਦ ਨੂੰ ਮਨੁੱਖ ਨਹੀਂ ਸਮਝਦਾ ਤਾਂ ਕੁਦਰਤ ਆਪ ਸੰਤੁਲਨ ਬਣਾਉਣ ਲਈ ਹਿਲਜੁਲ ਕਰਦੀ ਹੈ, ਜਿਸ ਦਾ ਹਰਜਾਨਾ ਅਖੀਰ ਮਨੁੱਖ ਨੂੰ ਹੀ ਭਰਨਾ ਪੈਂਦਾ ਹੈ। ਡਾਕਟਰਾਂ ਨੇ ਇਸ ਮਹਾਮਾਰੀ ਤੋਂ ਬੱਚਣ ਲਈ ਹੋਰ ਸਾਵਧਾਨੀਆਂ ਦੇ ਨਾਲ-ਨਾਲ ਹੱਥ ਵੀ ਵਾਰ ਵਾਰ ਧੋਣ ਨੂੰ ਕਿਹਾ ਹੈ। ਜਿਨ੍ਹਾਂ ਕੋਲ ਪੀਣ ਲਈ ਪਾਣੀ ਨਹੀਂ,ਉਹ ਹੱਥ ਕਿਥੋਂ ਧੋ ਸਕਦੇ। ਜਿਨ੍ਹਾਂ ਕੋਲ ਹੈ ਉਥੇ ਪਾਣੀ ਦੀ ਖਪਤ ਵੱਧੀ ਹੈ। ਇਸ ਮਹਾਮਾਰੀ ਰਾਹੀਂ ਸ਼ਾਇਦ ਕੁਦਰਤ ਮਨੁੱਖ ਨੂੰ ਉਸ ਦੀਆਂ ਗਲਤੀਆਂ ਦਾ ਅਹਿਸਾਸ ਕਰਾਉਣ ਦੇ ਨਾਲ-ਨਾਲ, ਉਸਨੂੰ ਜੀਵਨ ਲਈ ਪਾਣੀ ਦੀ ਕੀਮਤ ਦੱਸ ਰਹੀ ਹੈ।
ਆਪਾਂ ਜਾਣਦੇ ਹਾਂ ਕਿ ਦੁਨੀਆਂ ਵਿਚ ਕਈ ਸਭਿਅਤਾਵਾਂ ਦਾ ਖਾਤਮਾਂ ਪਾਣੀ ਦੇ ਸੰਕਟ ਕਾਰਨ ਹੀ ਹੋਇਆ ਹੈ। ਅੱਜ ਵੀ ਸਾਡੇ ਸਾਹਮਣੇ ‘ਅਰਾਲ ਸਾਗਰ’ ਦੇ ਸੁੱਕਣ ਦੀ ਉਦਾਹਰਣ ਮੌਜੂਦ ਹੈ। ਅਰਾਲ ਸਾਗਰ ਦੁਨੀਆ ਦਾ ਚੋਥਾ ਸਭ ਤੋ ਵੱਡਾ ਸਾਗਰ ਹੈ, ਜੋ 68000 ਵਰਗ ਕਿਲੋਮੀਟਰ( ਅਜੋਕੇ ਪੰਜਾਬ ਤੋ 18,000 ਵਰਗ ਕਿਲੋਮੀਟਰ ਜਿਆਦਾ) ਏਰੀਏ ਵਿੱਚ ਉਜਬੇਕਿਸਤਾਨ -ਕਜਾਕਿਸਤਾਨ ਦੇ ਵਿਚਕਾਰ ਫੈਲਿਆ ਹੋਇਆ ਸੀ, ਅੱਜ ਬਿਲਕੁਲ ਸੁੱਕ ਚੱਲਿਆ ਹੈ। ਇੱਕ ਰਿਪੋਰਟ ਮੁਤਾਬਕ 2020 ਤੱਕ ਇਹ ਸਾਗਰ ਬਿਲਕੁਲ ਸੁੱਕ ਜਾਵੇਗਾ। ਇਸ ਸਾਗਰ ਦੇ ਸੁੰਘੜਨ ਦੀ ਦਾਸਤਨ 1960 ਦੇ ਦਹਾਕੇ ਵਿੱਚ ਸੁਰੂ ਹੋਈ। ਜਦੋ ਸੋਵੀਅਤ ਸੰਘ ਵਲੋਂ ਖੇਤੀ ਤੇ ਸਿੰਜਾਈ ਲਈ ਜਲ ਯੋਜਨਾ ਤਹਿਤ ਅਮੂ ਦਰਿਆ ਦਾ ਪਾਣੀ ਕੈਸਪੀਅਨ ਸਾਗਰ ਵੱਲ ਮੋੜ ਦਿਤਾ ਗਿਆ। ਇੱਥੇ ਹੀ ਬਸ ਨਹੀ ਝੋਨੇ , ਕਪਾਹ ਦੀ ਪੈਦਾਵਾਰ ਹੋਰ ਵਧਾਉਣ ਲਈ ਅਰਾਲ ਸਾਗਰ ਦਾ ਪਾਣੀ ਵਰਤਣਾ ਸੁਰੂ ਕਰ ਦਿੱਤਾ ਗਿਆ। ਸਿੱਟੇ ਵਜੋ ਇਹ ਸਾਗਰ ਸੁੰਘੜਦਾ ਚਲਾ ਗਿਆ। ਜਦੋ ਸਥਾਨਕ ਸਰਕਾਰਾ ਨੂੰ ਆਪਣੀ ਗਲਤੀ ਦਾ ਇਹਸਾਸ ਹੋਇਆ ਤਾਂ ਉਨਾ ਇਸ ਸਾਗਰ ਨੂੰ ਬਚਾਉਣ ਲਈ ਕਈ ਯੋਜਨਾਵਾ ਬਣਾਈਆ ਪਰ ਉਦੋ ਤੱਕ ਬਹੁਤ ਦੇਰ ਹੋ ਚੁੱਕੀ ਸੀ। ਤਮਾਮ ਕੋਸ਼ਿਸਾ ਦੇ ਬਾਵਯੂਦ ਵੀ ਸਥਿਤੀ ਤੇ ਕਾਬੂ ਨਹੀ ਪਾਇਆ ਜਾ ਸਕਿਆ। ਸਦੀਆ ਤੋ ਆਪਣੀ ਹੋਂਦ ਕਾਇਮ ਰੱਖਣ ਵਾਲਾ ਇੱਕ ਸਾਗਰ ਕੁਝ ਦਹਾਕਿਆ ਵਿੱਚ ਹੀ ਦਮ ਤੋੜ ਗਿਆ। 60,000 ਤੋ ਵੱਧ ਅਰਾਲ ਸਾਗਰ ਦੇ ਕੰਡਿਆ ਤੇ ਵਸੇ ਵਸਿੰਦੇ ਇੱਥੋ ਪਰਵਾਸ ਕਰਨ ਲਈ ਮਜਬੂਰ ਹੋ ਰਹੇ ਹਨ। ਕੁਝ ਇਸ ਤਰਾ ਦੀ ਹੀ ਤਰਾਸਦੀ ਚੋ ਗੁਜਰ ਰਿਹਾ ਹੈ ਪੰਜਾਬ। ਇਸ ਲਈ ਧਰਤੀ ਵਿਚਲੇ ਪਾਣੀ ਦਾ ਤੁਬਕਾ ਤੁਬਕਾ ਮਨੁੱਖੀ ਜੀਵਨ ਲਈ ਬੇਹੱਦ ਕੀਮਤੀ ਅਤੇ ਕੁਦਰਤ ਦਾ ਅਨਮੋਲ ਤੋਹਫ਼ਾ ਹੈ।
ਪੰਜਾਬ ਦਰਿਆਵਾਂ ਦੀ ਧਰਤੀ ਹੈ ਇੱਥੇ ਕਦੇ ਸੇਮ ਸੀ, ਜਿਸ ਕਾਰਨ ਉਦੋਂ ਸੇਮ ਨਾਲੇ ਕੱਢੇ ਗਏ। ਹੁਣ ਦਰਿਆਵਾਂ ਵਿੱਚ ਵੀ ਪਾਣੀ ਘੱਟ ਹੈ ਅਤੇ ਸੇਮ ਨਾਲੇ ਵੀ ਸੁੱਕੇ ਪਏ ਹਨ। ਜਦਕਿ 240 ਕਿਲੋਮੀਟਰ ਲੰਬਾ ਸਤਿਲੁਜ ਪੰਜਾਬ ਦੇ ਵਿਚਕਾਰੋਂ ਲੰਘਦਾ ਹੈ। ਜੋ ਕੇਵਲ ਬਾਰਸ਼ਾਂ ਵੇਲੇ ਹੀ ਪੰਦਰਾਂ ਦਿਨ ਤੇਜ਼ ਵਗਦਾ ਹੈ, ਮੁੜ ਸਾਰਾ ਸਾਲ ਸੁੱਕਾ ਰਹਿੰਦਾ ਹੈ। ਪਰ ਬਾਰਸ਼ਾਂ ਦੌਰਾਨ ਇਹ ਹੜਾਂ ਦਾ ਕਾਰਨ ਵੀ ਬਣ ਜਾਂਦਾ ਹੈ ਤੇ ਆਲੇ-ਦੁਆਲੇ ਵੱਡਾ ਨੁਕਸਾਨ ਕਰਦਾ ਹੈ। ਜੇ ਸਰਕਾਰ ਪਾਣੀ ਸੰਕਟ ਨੂੰ ਵੇਖਦਿਆਂ ਯਤਨ ਕਰੇ ਤਾਂ ਇਸਨੂੰ ਚੌੜਾ ਕਰਕੇ ‘ਪਾਣੀ ਭੰਡਾਰ’ (Water bank) ਬਣਾਇਆ ਜਾ ਸਕਦਾ ਹੈ। ਇਸ ਦੀ 15-20 ਫ਼ੁੱਟ ਪੁਟਾਈ ਕੀਤੀ ਜਾਵੇ । ਜਿਸ ਨਾਲ ਪੰਜਾਬ ਨੂੰ ਫਾਇਦਾ ਹੋਵੇ। ਡਾ ਵਨੀਤ ਸਿੰਗਲਾ ਲੇਖਕ ਬੁਢਲਾਡਾ ਮਾਨਸਾ
Video Ad