ਧਰਮਸੋਤ ਮਾਮਲੇ ਵਿਚ 15 ਪੱਤਰਕਾਰਾਂ ’ਤੇ ਡਿੱਗੇਗੀ ਗਾਜ

ਚੰਡੀਗੜ੍ਹ, 23 ਜੂਨ, ਹ.ਬ. : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 2 ਜੂਨ ਨੂੰ ਰਿਸ਼ਵਤਖੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਮੋਹਾਲੀ ਦੇ ਡੀਐਫਓ ਗੁਰਮਨ ਸਿੰਘ ਤੋਂ ਪੁੱਛਗਿੱਛ ਨੇ ਜੰਗਲਾਤ ਵਿਭਾਗ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਦੀਆਂ ਪਰਤਾਂ ਦਾ ਪਰਦਾਫਾਸ਼ ਕੀਤਾ ਹੈ। ਅਧਿਕਾਰੀਆਂ-ਮੰਤਰੀਆਂ ਤੋਂ ਇਲਾਵਾ ਅਖਬਾਰਾਂ ਅਤੇ ਟੀ.ਵੀ.ਚੈਨਲਾਂ ਦੇ 15 ਪੱਤਰਕਾਰਾਂ ਦੇ ਨਾਂ ਵੀ ਸਾਹਮਣੇ ਆਏ ਹਨ, ਜਿਨ੍ਹਾਂ ਨੇ ਜੰਗਲਾਤ ਦੀ ਜ਼ਮੀਨ ਨੂੰ ਗੈਰ-ਕਾਨੂੰਨੀ ਢੰਗ ਨਾਲ ਖਰੀਦ ਕੇ ਉਥੇ ਦਰੱਖਤਾਂ ਦੀ ਨਜਾਇਜ਼ ਕਟਾਈ ਕੀਤੀ ਅਤੇ ਕਰੋੜਾਂ ਰੁਪਏ ਕਮਾਏ। ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਨੇ ਮੁਲਜ਼ਮਾਂ ਦੀ ਸੂਚੀ ਉਨ੍ਹਾਂ ਦੇ ਕਾਰਨਾਮੇ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤੀ ਹੈ, ਜਿਸ ’ਤੇ ਮੁੱਖ ਮੰਤਰੀ ਨਿਵਾਸ ’ਤੇ ਚਰਚਾ ਤੋਂ ਬਾਅਦ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਸਟਿੰਗ ਆਪ੍ਰੇਸ਼ਨ ਦੇ ਆਧਾਰ ’ਤੇ ਡੀਐਫਓ ਗੁਰਮਨ ਸਿੰਘ ਨੂੰ 2 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਵਿਜੀਲੈਂਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਵੇਲੇ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਫਿਰ ਕਾਂਗਰਸ ਸਰਕਾਰ ਵਿੱਚ ਜੰਗਲਾਤ ਮੰਤਰੀ ਬਣੇ ਸੰਗਤ ਸਿੰਘ ਗਿਲਜੀਆਂ ਦੇ ਇਸ਼ਾਰੇ ’ਤੇ ਵਿਭਾਗ ਵਿੱਚ ਭਾਰੀ ਭ੍ਰਿਸ਼ਟਾਚਾਰ ਹੋਇਆ ਸੀ। ਜੰਗਲਾਤ ਮਹਿਕਮੇ ਦੀਆਂ ਜ਼ਮੀਨਾਂ ਚਹੇਤਿਆਂ ਨੂੰ ਮਹਿੰਗੇ ਭਾਅ ’ਤੇ ਫਾਰਮ ਹਾਊਸ ਬਣਾਉਣ ਲਈ ਦਿੱਤੀਆਂ ਗਈਆਂ ਅਤੇ ਜਿਨ੍ਹਾਂ ਨੂੰ ਇਹ ਜ਼ਮੀਨ ਮਿਲੀ, ਉਨ੍ਹਾਂ ਨੇ ਖੈਰ ਸਮੇਤ ਹੋਰ ਕੀਮਤੀ ਦਰੱਖਤ ਵੱਢ ਕੇ ਉਥੇ ਵੇਚ ਦਿੱਤੇ। ਵਿਜੀਲੈਂਸ ਨੇ ਸਾਧੂ ਸਿੰਘ ਧਰਮਸੋਤ ਨੂੰ 8 ਜੂਨ ਨੂੰ ਅਮਲੋਹ ਤੋਂ ਗ੍ਰਿਫਤਾਰ ਕੀਤਾ ਸੀ, ਜਦਕਿ ਸੰਗਤ ਸਿੰਘ ਗਿਲਜੀਆਂ ਐਫਆਈਆਰ ਵਿੱਚ ਨਾਮ ਆਉਣ ਤੋਂ ਬਾਅਦ ਤੋਂ ਫਰਾਰ ਹੈ। ਡੀਐਫਓ ਦੀ ਪੁੱਛਗਿੱਛ ਵਿੱਚ 15 ਪੱਤਰਕਾਰਾਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਕਰੌਰਾਂ, ਮਿਰਜ਼ਾਪੁਰ ਅਤੇ ਸਿਸਵਾਂ ਵਿੱਚ ਜੰਗਲਾਤ ਵਿਭਾਗ ਦੀ ਜ਼ਮੀਨ ਵੰਡੀ ਗਈ ਸੀ ਅਤੇ ਉਨ੍ਹਾਂ ਨੇ ਇਸ ਜ਼ਮੀਨ ’ਤੇ ਦਰੱਖਤ ਕੱਟ ਕੇ ਵੇਚ ਦਿੱਤੇ ਸਨ। ਸੂਤਰਾਂ ਅਨੁਸਾਰ ਵਿਜੀਲੈਂਸ ਬਿਊਰੋ ਨੇ ਇਨ੍ਹਾਂ ਸਾਰੇ ਪੱਤਰਕਾਰਾਂ ਖ਼ਿਲਾਫ਼ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਖ਼ਿਲਾਫ਼ ਹੁਣ ਤੱਕ ਮਿਲੇ ਸਬੂਤਾਂ ਦੇ ਆਧਾਰ ’ਤੇ ਵਿਜੀਲੈਂਸ ਨੇ ਮੁੱਖ ਮੰਤਰੀ ਤੋਂ ਅਗਲੀ ਕਾਰਵਾਈ ਕਰਨ ਦੀ ਇਜਾਜ਼ਤ ਮੰਗੀ ਹੈ। ਮੁੱਖ ਮੰਤਰੀ ਨੇ ਸਾਰੇ ਦੋਸ਼ੀਆਂ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਵਿਜੀਲੈਂਸ ਬਿਓਰੋ ਦੇ ਅਧਿਕਾਰੀਆਂ ਤੋਂ ਮਿਲੇ ਸੰਕੇਤ ਅਨੁਸਾਰ, ਬਿਓਰੋ ਅਗਲੇ ਹਫਤੇ ਵਿਚ ਵੱਡੀ ਕਾਰਵਾਈ ਕਰ ਸਕਦਾ ਹੈ।

Video Ad
Video Ad