Home ਪੰਜਾਬ ਨਮ ਅੱਖਾਂ ਨਾਲ ਗਾਇਕ ਦਿਲਜਾਨ ਨੂੰ ਦਿੱਤੀ ਅੰਤਿਮ ਵਿਦਾਈ

ਨਮ ਅੱਖਾਂ ਨਾਲ ਗਾਇਕ ਦਿਲਜਾਨ ਨੂੰ ਦਿੱਤੀ ਅੰਤਿਮ ਵਿਦਾਈ

0
ਨਮ ਅੱਖਾਂ ਨਾਲ ਗਾਇਕ ਦਿਲਜਾਨ ਨੂੰ ਦਿੱਤੀ ਅੰਤਿਮ ਵਿਦਾਈ

ਕਰਤਾਰਪੁਰ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੰਜਾਬੀ ਗਾਇਕ ਦਿਲਜਾਨ, ਜੋ 29-30 ਮਾਰਚ ਦੀ ਰਾਤ, ਭਿਆਨਕ ਸੜਕ ਹਾਦਸੇ ‘ਚ ਸਦੀਵੀ ਵਿਛੋੜਾ ਦੇ ਗਏ ਸਨ, ਦਾ ਅੰਤਮ ਸਸਕਾਰ ਸੋਮਵਾਰ ਦੁਪਹਿਰ 12:30 ਵਜੇ ਸ਼ਮਸ਼ਾਨਘਾਟ ਕਰਤਾਰਪੁਰ ‘ਚ ਕੀਤਾ ਗਿਆ। ਦਿਲਜਾਨ ਦੀ ਅੰਤਮ ਯਾਤਰਾ ਉਨ੍ਹਾਂ ਦੇ ਘਰ ਆਰੀਆ ਨਗਰ ਬੈਕਸਾਈਡ ਅਜੀਤ ਪੈਲੇਸ ਕਰਤਾਰਪੁਰ ਤੋਂ ਅਰੰਭ ਹੋਈ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਇਲਾਕਾ ਵਾਸੀਆਂ, ਰਿਸ਼ਤੇਦਾਰਾਂ, ਮਿੱਤਰਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਇਸ ਦੌਰਾਨ ਦਿਲਜਾਨ ਨੂੰ ਸ਼ਰਧਾਂਜਲੀ ਦੇਣ ਦੇ ਲਈ ਕਈ ਨਾਮੀ ਗਾਇਕ ਵੀ ਪਹੁੰਚੇ ਸਨ। ਕੁਲਵਿੰਦਰ ਕੈਲੀ, ਮਾਸਟਰ ਸਲੀਮ, ਖ਼ਾਨ ਸਾਹਿਬ ਤੇ ਦਵਿੰਦਰ ਦਿਆਲਪੁਰੀ ਵੀ ਗਾਇਕ ਦਿਲਜਾਨ ਦੇ ਅੰਤਮ ਦਰਸ਼ਨਾਂ ਲਈ ਸ਼ਮਸ਼ਾਨ ਘਾਟ ‘ਚ ਪਹੁੰਚੇ ਸਨ। ਇਸ ਦੌਰਾਨ ਦਵਿੰਦਰ ਦਿਆਲਪੁਰੀ ਨੇ ਸ਼ਮਸ਼ਾਨ ਘਾਟ ‘ਚ ਦਿਲਜਾਨ ਦੇ ਅੰਤਿਮ ਸਸਕਾਰ ਦੌਰਾਨ ਕਈ ਰਸਮਾਂ ਨਿਭਾਈਆਂ।

ਜ਼ਿਕਰਯੋਗ ਹੈ ਕਿ 29 ਅਤੇ 30 ਮਾਰਚ ਦੀ ਦਰਮਿਆਨੀ ਰਾਤ ਜਦੋਂ ਦਿਲਜਾਨ ਆਪਣੀ ਐਸਯੂਵੀ ‘ਚ ਅੰਮ੍ਰਿਤਸਰ ਤੋਂ ਕਰਤਾਰਪੁਰ ਵੱਲ ਜਾ ਰਿਹਾ ਸੀ ਤਾਂ ਜੰਡਿਆਲੇ ਅਨਾਜ ਮੰਡੀ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਸੀ। ਉਸ ਦੀ ਕਾਰ ਦੀ ਸਪੀਡ ਕਾਫ਼ੀ ਤੇਜ਼ ਸੀ, ਜਿਸ ਕਾਰਨ ਪੁਲ ‘ਤੇ ਪਹੁੰਚਣ ‘ਤੇ ਕਾਰ ਬੇਕਾਬੂ ਹੋ ਗਈ ਅਤੇ ਡਿਵਾਈਡਰ ਨੂੰ ਟੱਕਰ ਮਾਰਦਿਆਂ ਪਲਟ ਗਈ ਸੀ। ਉਸ ਨੂੰ ਜੰਡਿਆਲਾ ਗੁਰੂ ਦੇ ਹਸਪਤਾਲ ਰਣਜੀਤ ਵਿਖੇ ਪਹੁੰਚਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ।

ਦਿਲਜਾਨ ਦਾ ਪਰਿਵਾਰ ਵਿਦੇਸ਼ ‘ਚ ਹੋਣ ਕਾਰਨ ਉਨ੍ਹਾਂ ਦਾ ਅੰਤਿਮ ਸਸਕਾਰ ਨਹੀਂ ਕੀਤਾ ਗਿਆ ਸੀ। ਦਿਲਜਾਨ ਦੀ ਸੜਕ ਹਾਦਸੇ ‘ਚ ਮੌਤ ਦੀ ਖ਼ਬਰ ਨਾਲ ਪੂਰੀ ਮਿਊਜ਼ਿਕ ਇੰਡਸਟਰੀ ਸੋਗ ‘ਚ ਹੈ। ਦਿਲਜਾਨ ਦੀ ਪਤਨੀ, ਧੀ ਤੇ ਭਰਾ ਕੈਨੇਡਾ ‘ਚ ਸੀ, ਜੋ ਬੀਤੇ ਦਿਨ ਕਰਤਾਰਪੁਰ ਪੁੱਜੇ ਸਨ।