ਨਵੀਂ ਵਹੀਕਲ ਸਕ੍ਰੈਪ ਪਾਲਿਸੀ ਦਾ ਐਲਾਨ : ਪੁਰਾਣੀ ਗੱਡੀ ਵੇਚ ਕੇ ਨਵੀਂ ਗੱਡੀ ਖਰੀਦਣ ‘ਤੇ ਮਿਲੇਗਾ ਡਿਸਕਾਊਂਟ

ਨਵੀਂ ਦਿੱਲੀ, 18 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੇਂਦਰੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਨਵੀਂ ਵਹੀਕਲ ਸਕ੍ਰੈਪ ਪਾਲਿਸੀ ਦਾ ਐਲਾਨ ਕਰ ਦਿੱਤਾ ਹੈ। ਇਸ ਨੀਤੀ ਤਹਿਤ ਜੇ ਕੋਈ ਵਿਅਕਤੀ ਆਪਣੀ ਪੁਰਾਣੀ ਗੱਡੀ ਨੂੰ ਸਕ੍ਰੈਪਿੰਗ ਲਈ ਦਿੰਦਾ ਹੈ ਤਾਂ ਉਸ ਨੂੰ ਨਵੀਂ ਗੱਡੀ ਦੀ ਖਰੀਦ ‘ਤੇ 5 ਫ਼ੀਸਦੀ ਡਿਸਕਾਊਂਟ ਦਿੱਤਾ ਜਾਵੇਗਾ।
ਨਿਤਿਨ ਗਡਕਰੀ ਅਨੁਸਾਰ ਇਸ ਸਕ੍ਰੈਪ ਪਾਲਿਸੀ ਨਾਲ ਨਾ ਸਿਰਫ਼ ਅਰਥਚਾਰੇ ਨੂੰ ਹੁੰਗਾਰਾ ਮਿਲੇਗਾ, ਸਗੋਂ ਪੁਰਾਣੀਆਂ ਗੱਡੀਆਂ ਨੂੰ ਵੀ ਸੜਕਾਂ ਤੋਂ ਹਟਾਉਣ ‘ਚ ਸਹਾਇਤਾ ਮਿਲੇਗੀ। ਇਹ ਪ੍ਰਦੂਸ਼ਣ ਨੂੰ ਘਟਾਉਣ ‘ਚ ਵੀ ਮਦਦ ਕਰੇਗਾ। ਗਡਕਰੀ ਨੇ ਕਿਹਾ ਕਿ ਅਗਲੇ ਇਕ ਮਹੀਨੇ ਦੇ ਅੰਦਰ ਇਸ ਨੀਤੀ ਨੂੰ ਨੋਟੀਫ਼ਾਈ ਕਰ ਦਿੱਤਾ ਜਾਵੇਗਾ।
ਨਿੱਜੀ ਤੇ ਵਪਾਰਕ ਗੱਡੀ ਦੇ ਸਕ੍ਰੈਪਿੰਗ ਸਰਟੀਫ਼ਿਕੇਟ ਦੇ ਬਦਲੇ ਨਵੀਂ ਗੱਡੀ ਖ਼ੀਰਦਣ ‘ਤੇ ਆਟੋ ਕੰਪਨੀਆਂ ਵੱਲੋਂ 5 ਫ਼ੀਸਦੀ ਡਿਸਕਾਊਂਟ ਮਿਲੇਗਾ। ਇਸ ਦੇ ਨਾਲ ਹੀ ਨਵੀਂ ਨਿੱਜੀ ਗੱਡੀ ਨੂੰ ਰੋਡ ਟੈਕਸ ‘ਚ 25 ਫ਼ੀਸਦੀ ਅਤੇ ਵਪਾਰਕ ਗੱਡੀ ਨੂੰ ਇਸ ‘ਚ 15 ਫ਼ੀਸਦੀ ਛੋਟ ਦਿੱਤੀ ਜਾਵੇਗੀ। ਇੰਨਾ ਹੀ ਨਹੀਂ ਸਕ੍ਰੈਪਿੰਗ ਸਰਟੀਫ਼ਿਕਟ ਹੋਣ ‘ਤੇ ਰਜਿਸਟ੍ਰੇਸ਼ਨ ਫ਼ੀਸ ਵੀ ਨਹੀਂ ਲੱਗੇਗੀ। ਸਕ੍ਰੈਪਿੰਗ ਸੈਂਟਰ ‘ਚ ਦਿੱਤੀ ਗਈ ਪੁਰਾਣੀ ਗੱਡੀ ਲਈ ਸਕ੍ਰੈਪ ਮੁੱਲ ਵੀ ਮਿਲੇਗਾ, ਜੋ ਨਵੀਂ ਗੱਡੀ ਦੀ ਐਕਸ-ਸ਼ੋਅਰੂਮ ਕੀਮਤ ਦਾ ਲਗਭਗ 4-6 ਫ਼ੀਸਦੀ ਹੋ ਸਕਦਾ ਹੈ।
ਨਿਤਿਨ ਗਡਕਰੀ ਨੇ ਕਿਹਾ ਕਿ ਸ਼ੁਰੂਆਤ ‘ਚ ਵਪਾਰਕ ਵਾਹਨਾਂ ਨੂੰ ਆਟੋਮੇਟਿਡ ਫਿਟਨੈੱਸ ਟੈਸਟ ਦੇ ਆਧਾਰ ‘ਤੇ ਸਕ੍ਰੈਪ ਕੀਤਾ ਜਾਵੇਗਾ, ਜਦਕਿ ਨਿੱਜੀ ਵਾਹਨਾਂ ਨੂੰ ਦੁਬਾਰਾ ਰਜਿਸਟ੍ਰੇਸ਼ਨ ਨਾ ਹੋਣ ਦੇ ਆਧਾਰ ‘ਤੇ ਸਕ੍ਰੈਪ ਕੀਤਾ ਜਾਵੇਗਾ। ਪ੍ਰਸਤਾਵਿਤ ਸਕ੍ਰੈਪਿੰਗ ਪਾਲਿਸੀ ‘ਚ 15 ਸਾਲ ਪੁਰਾਣੇ ਵਪਾਰਕ ਵਾਹਨਾਂ ਨੂੰ ਫਿਟਨੈੱਸ ਸਰਟੀਫਿਕੇਟ ਪਾਉਣ ‘ਚ ਫੇਲ੍ਹ ਰਹਿਣ ‘ਤੇ ਡੀ-ਰਜਿਸਟਰ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਉੱਥੇ ਹੀ 20 ਸਾਲ ਪੁਰਾਣੇ ਨਿੱਜੀ ਵਾਹਨਾਂ ਨੂੰ ਫਿਟਨੈੱਸ ‘ਚ ਫੇਲ੍ਹ ਹੋਣ ‘ਤੇ ਡੀ-ਰਜਿਸਟਰ ਕੀਤਾ ਜਾਵੇਗਾ। ਮਤਲਬ ਅਜਿਹੇ ਵਾਹਨ ਸੜਕਾਂ ‘ਤੇ ਨਹੀਂ ਚੱਲ ਸਕਣਗੇ।
ਇਸ ਸਕ੍ਰੈਪ ਪਾਲਿਟੀ ਜ਼ਰੀਏ ਕੇਂਦਰ ਸਰਕਾਰ ਕਈ ਕੰਮਾਂ ਨੂੰ ਪੂਰਾ ਕਰਨਾ ਚਾਹੁੰਦੀ ਹੈ। ਪਾਲਿਸੀ ਦੀ ਮਦਦ ਨਾਲ ਪ੍ਰਦੂਸ਼ਣ ਨੂੰ ਘਟਾਉਣ ਤੋਂ ਇਲਾਵਾ ਆਟੋਮੋਬਾਈਲ ਉਦਯੋਗ ਨੂੰ ਵੀ ਹੁਲਾਰਾ ਦੇਣ ‘ਚ ਮਦਦ ਕੀਤੀ ਜਾਵੇਗੀ।

Video Ad
Video Ad