ਨਾਗਪੁਰ ‘ਚ ਬੈਠੇ ਲੋਕ ਸਾਰੇ ਦੇਸ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ : ਰਾਹੁਲ ਗਾਂਧੀ

ਡਿਬਰੂਗੜ੍ਹ, 19 ਮਾਰਚ (ਹਮਦਰਦ ਨਿਊਜ਼ ਸਰਵਿਸ) : ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਉੱਤੇ ਪੂਰੇ ਦੇਸ਼ ‘ਤੇ ਆਪਣੀ ਸਮਝ ਥੋਪਣ ਦਾ ਦੋਸ਼ ਲਗਾਇਆ ਹੈ। ਸ਼ੁੱਕਰਵਾਰ ਨੂੰ ਅਸਾਮ ਪਹੁੰਚੇ ਰਾਹੁਲ ਗਾਂਧੀ ਨੇ ਇੱਥੇ ਡਿਬਰੂਗੜ੍ਹ ਦੇ ਲਾਹੌਲ ‘ਚ ਕਾਲਜ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ‘ਚ ਲੋਕਤੰਤਰ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਅਸਾਮ ਦੇ ਸੱਭਿਆਚਾਰ ‘ਤੇ ਵੀ ਹਮਲਾ ਕੀਤਾ ਜਾ ਰਿਹਾ ਹੈ। ਆਰਐਸਐਸ ਅਤੇ ਭਾਜਪਾ ਦੇ ਲੋਕ ਆਪਣੀ ਸੋਚ ਇੱਥੋਂ ਦੇ ਲੋਕਾਂ ‘ਤੇ ਥੋਪਣਾ ਚਾਹੁੰਦੇ ਹਨ, ਅਜਿਹਾ ਬਿਲਕੁਲ ਨਹੀਂ ਹੋਵੇਗਾ।
ਰਾਹੁਲ ਨੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਕਿਹਾ, “ਜੇ ਅਸਾਮ ਦੇ ਲੋਕ ਦਿੱਲੀ ਆਉਂਦੇ ਹਨ ਤਾਂ ਅਸੀਂ ਅਸਾਮ ਦੇ ਲੋਕਾਂ ਨੂੰ ਉਨ੍ਹਾਂ ਦੀ ਸੰਸਕ੍ਰਿਤੀ, ਭਾਸ਼ਾ ਨੂੰ ਭੁੱਲਣ ਲਈ ਨਹੀਂ ਕਹਿ ਸਕਦੇ, ਅਸੀਂ ਉਨ੍ਹਾਂ ਨੂੰ ਸਾਡੇ ਵਰਗੇ ਬਣਨ ਲਈ ਨਹੀਂ ਕਹਿ ਸਕਦੇ। ਨਾਗਪੁਰ (ਆਰਐਸਐਸ) ‘ਚ ਬੈਠੇ ਲੋਕ ਸਾਰੇ ਦੇਸ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।”
ਰਾਹੁਲ ਨੇ ਕਿਹਾ ਕਿ ਲੋਕਤੰਤਰ ਨੂੰ ਤਬਾਹ ਕੀਤਾ ਜਾ ਰਿਹਾ ਹੈ। ਲੋਕਤੰਤਰ ਦਾ ਮਤਲਬ ਹੈ ਕਿ ਅਸਾਮ ਦੀ ਆਵਾਜ਼ ਅਸਾਮ ਦੇ ਲੋਕ ਬੁਲੰਦ ਕਰਨ। ਕੋਈ ਵੀ ਇਸ ‘ਤੇ ਪਾਬੰਦੀ ਨਹੀਂ ਲਗਾ ਸਕਦਾ। ਰਾਹੁਲ ਨੇ ਵਿਦਿਆਰਥੀਆਂ ਨੂੰ ਸਿਆਸਤ ‘ਚ ਸਰਗਰਮ ਰਹਿਣ ਦੀ ਅਪੀਲ ਕਰਦਿਆਂ ਕਿਹਾ, “ਜੇ ਅਸੀਂ ਕਿਸੇ ਵੀ ਫ਼ੈਸਲੇ ਜਾਂ ਰਾਜਨੀਤੀ ‘ਚ ਸ਼ਾਮਲ ਨਹੀਂ ਹੁੰਦੇ ਤਾਂ ਇਹ ਲੋਕਤੰਤਰੀ ਗੱਲ ਨਹੀਂ ਹੋਵੇਗੀ। ਮੈਨੂੰ ਲਗਦਾ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿਆਸਤ ‘ਚ ਆਉਣਾ ਚਾਹੀਦਾ ਹੈ। ਸਿਆਸਤ ‘ਚ ਸਰਗਰਮੀ ਨਾਲ ਯੋਗਦਾਨ ਦੇਣਾ ਚਾਹੀਦਾ ਹੈ। ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਅਸਾਮ ਨਾਲ ਚੋਰੀ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਅਸਾਮ ਲਈ ਲੜਨਾ ਚਾਹੀਦਾ ਹੈ ਪਰ ਪਿਆਰ ਨਾਲ ਲੜਨਾ ਚਾਹੀਦਾ ਹੈ, ਡੰਡਿਆਂ ਨਾਲ ਨਹੀਂ।”
ਰਾਹੁਲ ਨੇ ਇੱਥੇ ਵਿਦਿਆਰਥੀਆਂ ਨੂੰ ਕਿਹਾ, “ਤੁਹਾਨੂੰ ਅਸਾਮ ‘ਚ ਵੰਡਿਆ ਜਾ ਰਿਹਾ ਹੈ। ਇਕ ਧਰਮ ਨੂੰ ਦੂਜੇ ਧਰਮ ਨਾਲ ਲੜਾਇਆ ਜਾ ਰਿਹਾ ਹੈ। ਇਕ ਵਿਅਕਤੀ ਨੂੰ ਦੂਸਰੇ ਨਾਲ ਲੜਾ ਕੇ, ਜੋ ਵੀ ਤੁਹਾਡਾ ਹੈ, ਭਾਵੇਂ ਏਅਰਪੋਰਟ ਹੋਵੇ, ਚਾਹ ਦਾ ਬਾਗ ਹੋਵੇ, ਸੱਭ ਕੁਝ ‘ਦੋਸਤਾਂ’ ਨੂੰ ਵੇਚਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਸ਼ੁੱਕਰਵਾਰ ਸਵੇਰੇ ਅਸਾਮ ਪਹੁੰਚੇ। ਕੇਰਲ ਦੇ ਵਾਯਨਾਡ ਤੋਂ ਰਾਹੁਲ ਗਾਂਧੀ ਸੰਸਦ ਮੈਂਬਰ ਹਨ। ਰਾਹੁਲ ਗਾਂਧੀ ਦੋ ਦਿਨ ‘ਚ ਕਈ ਮੀਟਿੰਗਾਂ ਅਤੇ ਜਨਤਕ ਰੈਲੀਆਂ ਕਰਨਗੇ। ਅਸਾਮ ਦੀਆਂ 126 ਵਿਧਾਨ ਸਬਾ ਸੀਟਾਂ ਲਈ ਤਿੰਨ ਗੇੜ ‘ਚ ਚੋਣਾਂ ਹੋਣੀਆਂ ਹਨ। ਸੂਬੇ ‘ਚ ਵੋਟਾਂ 27 ਮਾਰਚ, 1 ਅਪ੍ਰੈਲ ਅਤੇ 6 ਅਪ੍ਰੈਲ ਨੂੰ ਹੋਣਗੀਆਂ। ਚੋਣਾਂ ਦੇ ਨਤੀਜੇ 2 ਮਈ ਨੂੰ ਐਲਾਨੇ ਜਾਣਗੇ। ਭਾਰਤੀ ਜਨਤਾ ਪਾਰਟੀ ਨੇ ਸੂਬੇ ‘ਚ ਸਾਲ 2016 ਦੀਆਂ ਵਿਧਾਨ ਸਭਾ ਚੋਣਾਂ ‘ਚ 60 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ।

Video Ad
Video Ad