ਨਿਊਜ਼ੀਲੈਂਡ ’ਚ ਸਿੱਖ ਨੌਜਵਾਨ ਨੂੰ ਧਮਕੀਆਂ ਦੇਣ ਵਾਲਾ ਭਾਰਤੀ ਮੁੜ ਚੜਿਆ ਪੁਲਿਸ ਦੇ ਅੜਿੱਕੇ

ਔਕਲੈਂਡ, 28 ਮਾਰਚ (ਹਮਦਰਦ ਨਿਊਜ਼ ਸਰਵਿਸ) : ਨਿਊਜ਼ੀਲੈਂਡ ਵਿੱਚ ਇੱਕ ਸਿੱਖ ਨੌਜਵਾਨ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਭਾਰਤੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਉਸ ਨੂੰ ਬਾਅਦ ’ਚ ਜ਼ਮਾਨਤ ’ਤੇ ਛੱਡ ਦਿੱਤਾ ਗਿਆ ਸੀ। ਹੁਣ ਪੁਲਿਸ ਨੇ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਉਸ ਨੂੰ ਮੁੜ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਨਿਊਜ਼ੀਲੈਂਡ ਦੇ ਔਕਲੈਂਡ ’ਚ ਰਹਿੰਦੇ ਦਿੱਲੀ ਦੇ ਤਰੁਣ ਮਦਾਨ ਨੇ ਦਰਅਸਲ ਹੁਣ ਜ਼ਮਾਨਤ ਦੀਆਂ ਸ਼ਰਤਾਂ ਤੇ ਬੰਦਸ਼ਾਂ ਦੀ ਉਲੰਘਣਾ ਕੀਤੀ ਸੀ। ਜਿਹੜੇ ਫ਼ੇਸਬੁੱਕ ਪੇਜ ‘ਇੰਡੀਅਨਜ਼ ਇਨ ਨਿਊਜ਼ੀਲੈਂਡ’ ਉੱਤੇ ਉਸ ਨੇ ਸਿੱਖ ਨੌਜਵਾਨ ਨੂੰ ਧਮਕੀਆਂ ਦਿੱਤੀਆਂ ਸਨ ਤੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ, ਉਹ ਪੇਜ ਹੁਣ ਡਿਲੀਟ ਕਰ ਦਿੱਤਾ ਗਿਆ ਹੈ।
ਜਦੋਂ ਮੁਲਜ਼ਮ ਨੇ ਪਹਿਲਾਂ ਇਸ ਪੰਨੇ ਉੱਤੇ ਸਿੱਖ ਨੌਜਵਾਨ ਨੂੰ ਧਮਕੀਆਂ ਦਿੱਤੀਆਂ ਸਨ, ਤਦ ਬੀਤੀ 19 ਮਾਰਚ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਬਾਅਦ ’ਚ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ। ਸੂਤਰਾਂ ਮੁਤਾਬਕ ਉਸ ਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ। ਔਕਲੈਂਡ ਪੁਲਿਸ ਨੇ ਤਰੁਣ ਮਦਾਨ ਨੂੰ ਕੁਝ ਸ਼ਰਤਾਂ ਤੇ ਬੰਦਸ਼ਾਂ ਦੇ ਆਧਾਰ ਉੱਤੇ ਜ਼ਮਾਨਤ ਦਿੱਤੀ ਸੀ ਪਰ ਉਹ ਉਨ੍ਹਾਂ ਦੀ ਉਲੰਘਣਾ ਕਰਦਾ ਪਾਇਆ ਗਿਆ। ਦੱਸ ਦੇਈਏ ਕਿ ਫ਼ੇਸਬੁੱਕ ਪੇਜ ‘ਇੰਡੀਅਨਜ਼ ਇਨ ਨਿਊਜ਼ੀਲੈਂਡ’ ਉੱਤੇ ਤਰੁਣ ਮਦਾਨ ਨੇ ਸਿੱਖ ਨੌਜਵਾਨ ਨੂੰ ‘ਖ਼ਾਲਿਸਤਾਨੀ ਦਹਿਸ਼ਤਗਰਦ’ ਆਖਿਆ ਸੀ ਤੇ ਸਿੱਖ ਨੌਜਵਾਨ ਦਾ ਮੋਬਾਈਲ ਫ਼ੋਨ ਨੰਬਰ ਵੀ ਨਸ਼ਰ ਕਰ ਦਿੱਤਾ ਗਿਆ ਸੀ। ਤਰੁਣ ਨੇ ਆਪਣੀ ਫ਼ੇਸਬੁੱਕ ਪੋਸਟ ਉੱਤੇ ਨਾਲ ਹੀ ਸਿੱਖ ਨੌਜਵਾਨਾਂ ਦਾ ਨਾਂ ਵਰਤਦਿਆਂ ਇਹ ਵੀ ਲਿਖਿਆ ਸੀ ਕਿ ‘ਇਹ ਸਿੱਖ ਨੌਜਵਾਨ ਸਾਰੇ ਭਾਰਤੀਆਂ ਵਿਰੁੱਧ ਨਫ਼ਰਤ ਫੈਲਾ ਰਿਹਾ ਹੈ।’ ਇਸ ਤੋਂ ਇਲਾਵਾ ਤਰੁਣ ਮਦਾਨ ਨੇ ਉਸ ਸਿੱਖ ਨੌਜਵਾਨ ਦੇ ਘਰ ਆ ਕੇ ਉਸ ਨੂੰ ਸਬਕ ਸਿਖਾਉਣ ਦੀ ਗੱਲ ਵੀ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਦੋ ਹੋਰ ਸਿੱਖ ਵਿਅਕਤੀਆਂ ਲਈ ਵੀ ਮਾੜੇ ਬੋਲ ਵਰਤੇ ਸਨ। ਇਸ ਦੇ ਚਲਦਿਆਂ ਨਿਊਜ਼ੀਲੈਂਡ ਪੁਲਿਸ ਨੇ ਉਸ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ।

Video Ad
Video Ad