ਨਿਕਿਤਾ ਤੋਮਰ ਕਤਲ ਕਾਂਡ : ਫ਼ਰੀਦਾਬਾਦ ਦੀ ਫ਼ਾਸਟ ਟਰੈਕ ਅਦਾਲਤ ਨੇ ਤੌਸੀਫ਼ ਤੇ ਰੇਹਾਨ ਨੂੰ ਦੋਸ਼ੀ ਠਹਿਰਾਇਆ

ਫ਼ਰੀਦਾਬਾਦ, , 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਹਰਿਆਣਾ ਦੇ ਫ਼ਰੀਦਾਬਾਦ ਜ਼ਿਲ੍ਹੇ ਦੇ ਬਹੁ-ਚਰਚਿਤ ਨਿਕਿਤਾ ਤੋਮਰ ਕਤਲ ਕਾਂਡ ਦੇ ਦੋ ਦੋਸ਼ੀਆਂ ਤੌਸੀਫ਼ ਅਤੇ ਰੇਹਾਨ ਨੂੰ ਫ਼ਾਸਟ ਟਰੈਕ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਕਤਲ ਕੇਸ ‘ਚ ਵਰਤਿਆ ਹਥਿਆਰ ਮੁਹੱਈਆ ਕਰਵਾਉਣ ਵਾਲਾ ਤੀਜਾ ਮੁਲਜ਼ਮ ਅਜ਼ਰੂਦੀਨ ਰਿਹਾਅ ਹੋ ਗਿਆ ਹੈ। ਇਸ ਕੇਸ ਦੀ ਸੁਣਵਾਈ ਬੀਤੀ ਮੰਗਲਵਾਰ ਨੂੰ ਪੂਰੀ ਹੋਈ ਸੀ ਅਤੇ ਬੁੱਧਵਾਰ ਨੂੰ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ। ਸਜ਼ਾ ਦਾ ਐਲਾਨ 26 ਮਾਰਚ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ। ਇਸ ਕਤਲ ਕਾਂਡ ‘ਚ ਪੀੜਤ ਪੱਖ ਵੱਲੋਂ 55 ਲੋਕਾਂ ਨੇ ਗਵਾਹੀ ਦਿੱਤੀ ਸੀ, ਜਦਕਿ ਬਚਾਅ ਪੱਖ ਤੋਂ ਸਿਰਫ਼ ਦੋ ਜਣਿਆਂ ਨੇ ਗਵਾਹੀ ਦਿੱਤੀ।
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਬੱਲਭਗੜ੍ਹ ‘ਚ ਆਪਣੇ ਪਰਿਵਾਰ ਨਾਲ ਰਹਿੰਦੀ ਉੱਤਰ ਪ੍ਰਦੇਸ਼ ਦੇ ਹਾਪੁੜ ਦੀ ਨਿਕਿਤਾ ਤੋਮਰ ਅਗਰਵਾਲ ਕਾਲਜ ‘ਚ ਬੀ.ਕਾਮ ਅੰਤਮ ਸਾਲ ਦੀ ਵਿਦਿਆਰਥਣ ਸੀ। 26 ਅਕਤੂਬਰ 2020 ਦੀ ਸ਼ਾਮ ਨੂੰ ਲਗਭਗ 4.30 ਵਜੇ ਜਦੋਂ ਉਹ ਪ੍ਰੀਖਿਆ ਦੇਣ ਤੋਂ ਬਾਅਦ ਕਾਲਜ ਤੋਂ ਬਾਹਰ ਆਈ ਤਾਂ ਮੁਲਜ਼ਮ ਤੌਸੀਫ਼ ਨੇ ਆਪਣੇ ਦੋਸਤ ਰੇਹਾਨ ਨਾਲ ਮਿਲ ਕੇ ਉਸ ਨੂੰ ਕਾਰ ‘ਚ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ।
ਜਦੋਂ ਨਿਕਿਤਾ ਨੇ ਵਿਰੋਧ ਕੀਤਾ ਤਾਂ ਤੌਸੀਫ਼ ਨੇ ਉਸ ਨੂੰ ਗੋਲੀ ਮਾਰ ਦਿੱਤੀ। ਹਸਪਤਾਲ ‘ਚ ਇਲਾਜ ਦੌਰਾਨ ਨਿਕਿਤਾ ਦੀ ਮੌਤ ਹੋ ਗਈ। ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਸੀ, ਜਿਸ ਦੇ ਅਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਸੀ ਅਤੇ ਪੁਲਿਸ ਨੇ ਤੌਸੀਫ਼ ਤੇ ਰੇਹਾਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਤੀਜੇ ਮੁਲਜ਼ਮ ਅਜ਼ਰੂਦੀਨ ਨੇ ਤੌਸੀਫ਼ ਨੂੰ ਹਥਿਆਰ ਮੁਹੱਈਆ ਕਰਵਾਇਆ ਸੀ।
ਰੋਜ਼ਕਾ ਮੇਵ ਵਾਸੀ ਤੌਸੀਫ਼ ਨੇ ਨਿਕਿਤਾ ਨਾਲ 12ਵੀਂ ਜਮਾਤ ਤਕ ਪੜ੍ਹਾਈ ਕੀਤੀ ਸੀ। ਤੌਸੀਫ਼ ਨੇ ਨਿਕਿਤਾ ਨਾਲ ਦੋਸਤੀ ਕਰਨ ਲਈ ਉਸ ਉੱਤੇ ਦਬਾਅ ਪਾਇਆ ਸੀ। ਦੋਸ਼ੀ ਨੇ ਸਾਲ 2018 ‘ਚ ਨਿਕਿਤਾ ਨੂੰ ਅਗਵਾ ਕਰ ਲਿਆ ਸੀ। ਨਿਕਿਤਾ ਦੇ ਪਰਿਵਾਰ ਨੇ ਐਫਆਈਆਰ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਤੌਸੀਫ਼ ਨੂੰ ਗ੍ਰਿਫ਼ਤਾਰ ਕਰ ਲਿਆ, ਪਰ ਜਦੋਂ ਉਸ ਦਾ ਪਰਿਵਾਰ ਹੱਥ-ਪੈਰ ਜੋੜਨ ਲੱਗਿਆ ਤਾਂ ਨਿਕਿਤਾ ਦੇ ਪਰਿਵਾਰ ਨੇ ਸ਼ਿਕਾਇਤ ਵਾਪਸ ਲੈ ਲਈ ਸੀ। ਇਸ ਤੋਂ ਬਾਅਦ ਵੀ ਤੌਸੀਫ ਨੇ ਨਿਕਿਤਾ ਨੂੰ ਪ੍ਰੇਸ਼ਾਨ ਕਰਨਾ ਬੰਦ ਨਹੀਂ ਕੀਤਾ। ਉਹ ਉਸ ‘ਤੇ ਵਿਆਹ ਕਰਾਉਣ ਲਈ ਦਬਾਅ ਪਾ ਰਿਹਾ ਸੀ। ਇਸੇ ਕਰਕੇ ਉਸ ਨੇ ਨਿਕਿਤਾ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਵਾਰ ਨਿਕਿਤਾ ਦੀ ਮੌਤ ਹੋ ਗਈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ‘ਤੇ ਇਸ ਕੇਸ ਦੀ ਸੁਣਵਾਈ ਐਡੀਸ਼ਨਲ ਸੈਸ਼ਨ ਜੱਜ ਸਰਤਾਜ ਬਸਵਾਨਾ ਦੀ ਅਦਾਲਤ ‘ਚ ਸ਼ੁਰੂ ਹੋਈ। ਪਹਿਲੀ ਗਵਾਹੀ 1 ਦਸੰਬਰ ਨੂੰ ਦਿੱਤੀ ਗਈ ਸੀ, ਜਿਸ ‘ਚ ਨਿਕਿਤਾ ਦੇ ਚਚੇਰਾ ਭਰਾ ਤਰੁਣ ਤੋਮਰ ਅਤੇ ਸਹੇਲੀ ਨਿਕਿਤਾ ਸ਼ਰਮਾ ਇਸ ਘਟਨਾ ‘ਚ ਸ਼ਾਮਲ ਸਨ। ਬਚਾਅ ਪੱਖ ਤੋਂ 55 ਵਿਅਕਤੀਆਂ ਨੇ ਗਵਾਹੀ ਦਿੱਤੀ ਸੀ, ਜਿਸ ‘ਚ ਪਰਿਵਾਰ ਦੇ ਮੈਂਬਰਾਂ ਸਮੇਤ ਕਾਲਜ ਦੇ ਪ੍ਰਿੰਸੀਪਲ ਅਤੇ ਕਈ ਪੁਲਿਸ ਕਰਮਚਾਰੀ ਸ਼ਾਮਲ ਹੋਏ। ਬਚਾਅ ਪੱਖ ਨੇ ਦੋ ਦਿਨਾਂ ‘ਚ ਆਪਣੇ ਗਵਾਹ ਪੇਸ਼ ਕੀਤੇ ਅਤੇ ਗਵਾਹਾਂ ਦੇ ਬਿਆਨ ਦਰਜ ਕੀਤੇ। ਦੋਵਾਂ ਪਾਸਿਆਂ ਦੀ ਗਵਾਹੀ ਮੰਗਲਵਾਰ ਨੂੰ ਪੂਰੀ ਹੋ ਗਈ ਸੀ।
ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਸਰਕਾਰ ਨੇ ਆਪਣੀ ਜਾਂਚ ਐਸਆਈਟੀ ਨੂੰ ਸੌਂਪ ਦਿੱਤੀ। ਐਸਆਈਟੀ ਦੀ ਟੀਮ ਨੇ ਮੁੱਖ ਮੁਲਜ਼ਮ ਤੌਸੀਫ਼ ਨੂੰ 5 ਘੰਟਿਆਂ ‘ਚ ਸੋਹਨਾ ਤੋਂ ਗ੍ਰਿਫ਼ਤਾਰ ਕਰ ਲਿਆ। ਉਸ ਦੇ ਸਾਥੀ ਰੇਹਾਨ ਅਤੇ ਅਰਜੁਦੀਨ, ਜੋ ਹਥਿਆਰ ਮੁਹੱਈਆ ਕਰਵਾਉਂਦੇ ਸਨ, ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ। ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ 6 ਨਵੰਬਰ ਨੂੰ ਅਦਾਲਤ ‘ਚ ਸਿਰਫ 11 ਦਿਨਾਂ ‘ਚ 700 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਚਾਰਜਸ਼ੀਟ ‘ਤੇ ਨਿਕਿਤਾ ਦੀ ਦੋਸਤ ਸਮੇਤ ਕੁੱਲ 60 ਗਵਾਹ ਬਣਾਏ ਗਏ ਸਨ।

Video Ad
Video Ad