Home ਪੰਜਾਬ ਨਿਹੰਗਾਂ ਦੇ ਪਹਿਰਾਵੇ ਵਿਚ ਬਦਮਾਸ਼ਾਂ ਨੇ ਕੀਤਾ ਸੀ ਪੁਲਿਸ ’ਤੇ ਹਮਲਾ

ਨਿਹੰਗਾਂ ਦੇ ਪਹਿਰਾਵੇ ਵਿਚ ਬਦਮਾਸ਼ਾਂ ਨੇ ਕੀਤਾ ਸੀ ਪੁਲਿਸ ’ਤੇ ਹਮਲਾ

0
ਨਿਹੰਗਾਂ ਦੇ ਪਹਿਰਾਵੇ ਵਿਚ ਬਦਮਾਸ਼ਾਂ ਨੇ ਕੀਤਾ ਸੀ ਪੁਲਿਸ ’ਤੇ ਹਮਲਾ

ਤਰਨਤਾਰਨ, 22 ਮਾਰਚ, ਹ.ਬ. : ਪਾਕਿਸਤਾਨ ਨਾਲ ਲੱਗਦੇ ਸਿੰਘਪੁਰਾ ਵਿਚ ਸੂਚਨਾ ਮਿਲਣ ’ਤੇ ਛਾਪੇਮਾਰੀ ਕਰਨ ਗਈ ਥਾਣਾ ਵਲਟੋਹਾ ਅਤੇ ਖੇਮਕਰਣ ਦੀ ਪੁਲਿਸ ਪਾਰਟੀਆਂ ’ਤੇ ਬਦਮਾਸ਼ਾਂ ਨੇ ਨਿਹੰਗ ਸਿੰਘਾਂ ਦੇ ਪਹਿਰਾਵੇ ਵਿਚ ਹਮਲਾ ਕੀਤਾ ਸੀ। ਇਹ ਦੋਵੇਂ ਮਹਿਤਾਬ ਸਿੰਘ ਅਤੇ ਗੁਰਦੇਵ ਸਿੰਘ ਨਾਂਦੇੜ ਦੇ ਦੱਸੇ ਜਾ ਰਹੇ ਹਨ ਅਤੇ ਨਾਂਦੇੜ ਵਿਖੇ ਬੁੰਗੇ ਦੀ ਸੇਵਾ ਕਰਦੇ ਮਹੰਤ ਸੰਤੋਖ ਸਿੰਘ ਮਹਾਕਾਲ ਕੋਲ ਰਹਿੰਦੇ ਸਨ। ਲੰਘੀ 11 ਮਾਰਚ ਨੂੰ ਇਨ੍ਹਾਂ ਨੇ ਮਹੰਤ ਸੰਤੋਖ ਸਿੰਘ ਦੀ ਹੱਤਿਆ ਕਰ ਦਿੱਤੀ ਤੇ ਭੱਜ ਕੇ ਸੁਰਸਿੰਘ ਆ ਗਏ। ਪੁਲਿਸ ਨੂੰ ਇਨ੍ਹਾਂ ਬਾਰੇ ਸੂਚਨਾ ਮਿਲੀ ਸੀ।
ਫੇਰ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਦੋਵੇਂ ਥਾਣਿਆਂ ਦੇ ਐਸਐਚਓ ਜ਼ਖਮੀ ਹੋ ਗਏ। ਪੁਲਿਸ ਨੇ ਜਵਾਬੀ ਕਾਰਵਾਈ ਵਿਚ ਦੋਵੇਂ ਹਮਲਾਵਰਾਂ ਨੂੰ ਮਾਰ ਦਿੱਤਾ। ਦੋਵੇਂ ਬਦਮਾਸ਼ਾਂ ਨੇ ਨਿਹੰਗ ਸਿੰਘਾਂ ਵਾਲਾ ਪਹਿਰਾਵਾ ਪਾਇਆ ਹੋਇਆ ਸੀ। ਦੱਸ ਦੇਈਏ ਕਿ ਭਿੱਖੀਵਿੰਡ ਦੇ ਹੈਡ ਕਾਂਸਟੇਬਲ ਸਰਬਜੀਤ ਸਿੰਘ ਦੀ ਦਸ ਦਿਨ ਪਹਿਲਾਂ ਮੌਤ ਹੋ ਗਈ ਸੀ। ਸਰਬਜੀਤ ਸਿੰਘ ਦੇ ਭੋਗ ਦੀ ਰਸਮ ਪਿੰਡ ਛਿਛਰੇਵਾਲ ਵਿਚ ਚਲ ਰਹੀ ਸੀ। ਇਸੇ ਦੌਰਾਨ ਪੁਲਿਸ ਸੂਚਨਾ ਮਿਲੀ ਕਿ ਕੁਝ ਬਦਮਾਸ਼ ਖੇਤਰ ਵਿਚ ਘੁੰਮ ਰਹੇ ਹਨ। ਇਸ ’ਤੇ ਥਾਣਾ ਵਲਟੋਹਾ ਦੇ ਇੰਚਾਰਜ ਬਲਵਿੰਦਰ ਸਿੰਘ ਅਤੇ ਖੇਮਕਰਣ ਦੇ ਸਬ ਇੰਸਪੈਕਟਰ ਨਰਿੰਦਰ ਸਿੰਘ ਪਿੰਡ ਸਿੰਗਪੁਰਾ ਪਹੁੰਚੇ। ਨਿਹੰਗ ਸਿੰਘਾਂ ਦੇ ਪਹਿਰਾਵੇ ਵਿਚ ਕੁਝ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦੋਵੇਂ ਪੁਲਿਸ ਅਧਿਕਾਰੀਆਂ ’ਤੇ ਹਮਲਾ ਕਰ ਦਿੱਤਾ।
ਇਸ ਤੋਂ ਬਾਅਦ ਇਲਾਕੇ ਦੀ ਵੱਡੇ ਪੱਧਰ ’ਤੇ ਘੇਰਾਬੰਦੀ ਕੀਤੀ ਗਈ। ਘੇਰਾਬੰਦੀ ਦੌਰਾਨ ਮੁਲਜ਼ਮਾਂ ਨੇ ਪੁਲਿਸ ਪਾਰਟੀ ’ਤੇ ਵਾਰ ਵਾਰ ਹਮਲੇ ਕੀਤੇ ਜਿਸ ਵਿਚ ਤੇਜ਼ਧਾਰ ਹਥਿਆਰਾਂ ਨਾਲ ਦੋਵੇਂ ਅਧਿਕਾਰੀ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਐਂਬੂਲੈਂਸ ਵਿਚ ਪਾ ਕੇ ਇਲਾਜ ਦੇ ਲਈ ਹਸਪਤਾਲ ਭੇਜਿਆ। ਹਮਲੇ ਵਿਚ ਇੱਕ ਅਧਿਕਾਰੀ ਦਾ ਗੁੱਟ ਵੱਢ ਗਿਆ ਤੇ ਦੂਜੇ ਦੀ ਉਂਗਲਾਂ ਕੱਟ ਗਈਆਂ, ਜਿਨ੍ਹਾਂ ਇਲਾਜ ਲਈ ਹਸਪਤਾਲ ਭੇਜਿਆ ਗਿਆ। ਮੌਕੇ ’ਤੇ ਜਵਾਬੀ ਕਾਰਵਾਈ ਵਿਚ ਦੋਵੇਂ ਬਦਮਾਸ਼ਾਂ ਨੂੰ ਮਾਰ ਦਿੱਤਾ ਗਿਆ।