ਨੰਦੀਗ੍ਰਾਮ ‘ਚ ਮਮਤਾ ਬੈਨਰਜੀ ਦੀ ਹਾਰ ਤੈਅ, ਇਸੇ ਕਾਰਨ ਉਹ ਦੂਜੀ ਸੀਟ ਦੀ ਭਾਲ ਕਰ ਰਹੀ ਹੈ : ਜੇ.ਪੀ. ਨੱਢਾ

ਗੁਹਾਟੀ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਅਸਾਮ ਦੇ ਗੁਹਾਟੀ ਪਹੁੰਚੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ। ਮਮਤਾ ਬੈਨਰਜੀ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਨੰਦੀਗ੍ਰਾਮ ‘ਚ ਦੀਦੀ ਦੀ ਹਾਰ ਤੈਅ ਹੈ। ਸਾਡੇ ਕੋਲ ਜਾਣਕਾਰੀ ਹੈ ਕਿ ਉਹ ਆਪਣੇ ਲਈ ਕਿਸੇ ਹੋਰ ਸੀਟ ਦੀ ਭਾਲ ਕਰ ਰਹੀ ਹੈ। ਮਮਤਾ ਦੇ ਲੋਕਾਂ ਨੇ ਸਾਨੂੰ ਦੱਸਿਆ ਹੈ ਕਿ ਉਹ ਬੰਗਾਲ ‘ਚ ਚੋਣ ਲੜਨ ਲਈ ਇਕ ਹੋਰ ਸੀਟ ਦੀ ਭਾਲ ਕਰ ਰਹੀ ਹੈ।

Video Ad

ਉਨ੍ਹਾਂ ਦਾਅਵਾ ਕੀਤਾ, “ਅਸੀਂ (ਭਾਜਪਾ) ਬੰਗਾਲ ‘ਚ ਜਿੱਤ ਰਹੇ ਹਾਂ। ਬੰਗਾਲ ‘ਚ ਚੋਣ ਨਤੀਜੇ ਹੈਰਾਨ ਕਰਨ ਵਾਲੇ ਹੋਣਗੇ। ਬੰਗਾਲ ਦੇ ਲੋਕ ਮਮਤਾ ਨੂੰ ਹਟਾਉਣ ਲਈ ਬੇਤਾਬ ਹਨ। ਪਹਿਲੇ ਦੋ ਗੇੜ ‘ਚ ਇਹ ਸਪੱਸ਼ਟ ਹੋ ਗਿਆ ਹੈ ਕਿ ਟੀਐਮਸੀ ਚਲੀ ਗਈ ਹੈ ਅਤੇ ਭਾਜਪਾ ਦੀ ਸਰਕਾਰ ਬਣਨ ਵਾਲੀ ਹੈ। ਬੰਗਾਲ ‘ਚ ਭਾਜਪਾ ਦੀ ਜਿੱਤ ਪੱਕੀ ਹੈ।”

ਜੇ.ਪੀ. ਨੱਢਾ ਨੇ ਅਸਾਮ ਚੋਣਾਂ ਬਾਰੇ ਕਿਹਾ, “ਇਥੋਂ ਦੇ ਲੋਕਾਂ ਨੇ ਐਨਡੀਏ ਦਾ ਸਮਰਥਨ ਕਰਨ ਦਾ ਮਨ ਬਣਾ ਲਿਆ ਹੈ। ਪਹਿਲੇ ਤੇ ਦੂਜੇ ਗੇੜ ਦੀ ਵੋਟਿੰਗ ਨਾਲ ਫ਼ੈਸਲਾ ਇਕਪਾਸੜ ਹੋ ਗਿਆ ਹੈ। ਵੋਟਿੰਗ ਦੇ ਤੀਜੇ ਗੇੜ ਲਈ ਵੀ ਸਥਿਤੀ ਸਪੱਸ਼ਟ ਹੈ। ਮੈਂ ਸਾਡੀਆਂ ਰੈਲੀਆਂ ਅਤੇ ਜਨਤਕ ਸਭਾਵਾਂ ‘ਚ ਲੋਕਾਂ ਦੀ ਭਾਰੀ ਭੀੜ ਵੇਖਦਾ ਹਾਂ। ਪੂਰੇ ਅਸਾਮ ਨੇ ਐਨਡੀਏ ਨੂੰ ਵੋਟ ਪਾਉਣ ਦਾ ਫ਼ੈਸਲਾ ਕੀਤਾ ਹੈ।”

ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ ਜੇ.ਪੀ. ਨੱਢਾ ਨੇ ਕਿਹਾ, “ਰਾਹੁਲ ਗਾਂਧੀ ਨੂੰ ਅਸਾਮ ਦੇ ਸੱਭਿਆਚਾਰ ਬਾਰੇ ਬਹੁਤ ਘੱਟ ਜਾਣਕਾਰੀ ਹੈ। ਜੇ ਬਦਰੂਦੀਨ ਅਜਮਲ ਨੇ ਗਮੋਸਾ ਸੁੱਟਿਆ ਹੈ ਤਾਂ ਉਨ੍ਹਾਂ ਦੀ ਪਛਾਣ ਉਹ ਹਨ ਜਾਂ ਫਿਰ ਸ੍ਰੀਮੰਤ ਸ਼ੰਕਰ ਦੇਵ ਤੇ ਭੂਪੇਨ ਹਜ਼ਾਰਿਕਾ ਹਨ। ਅਸਾਮ ‘ਚ ਮੌਕਾਪ੍ਰਸਤ ਰਾਜਨੀਤੀ ਕਰ ਰਹੇ ਲੋਕ ਬਦਰੂਦੀਨ ਦਾ ਸਮਰਥਨ ਕਰ ਰਹੇ ਹਨ।” ਉਨ੍ਹਾਂ ਕਿਹਾ ਕਿ ਅਸਾਮ ‘ਚ 50 ਸਾਲ ਤੋਂ ਬੋਡੋ ਅੰਦੋਲਨ ਹੋ ਰਿਹਾ ਸੀ। ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ, ਪਰ ਕਿਸੇ ਨੇ ਇਸ ਦੀ ਪਰਵਾਹ ਨਹੀਂ ਕੀਤੀ। ਪ੍ਰਧਾਨ ਮੰਤਰੀ ਮੋਦੀ ਦੀ ਰਾਜਨੀਤਿਕ ਇੱਛਾ ਸ਼ਕਤੀ ਅਤੇ ਅਮਿਤ ਸ਼ਾਹ ਦੀ ਰਣਨੀਤੀ ਕਾਰਨ ਇਹ ਮਸਲਾ ਹੱਲ ਹੋਇਆ ਹੈ।”

ਰਾਹੁਲ ਗਾਂਧੀ ‘ਤੇ ਚੁਟਕੀ ਲੈਂਦਿਆਂ ਭਾਜਪਾ ਪ੍ਰਧਾਨ ਨੇ ਕਿਹਾ, “ਕਾਂਗਰਸ ਨੇ ਅਸਾਮ ‘ਚ ਪੰਜ ਗਾਰੰਟੀਸ਼ੁਦਾ ਵਾਅਦਿਆਂ ‘ਚ ਸੀਏਏ ਲਾਗੂ ਨਾ ਕਰਨ ਦਾ ਵਾਅਦਾ ਕੀਤਾ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਲੋਕ ਕੌਣ ਹਨ ਜੋ ਅਜਿਹੇ ਵਾਅਦੇ ਕਰਦੇ ਹਨ। ਇਨ੍ਹਾਂ ਲੋਕਾਂ ਦੀ ਬਹੁਤ ਘੱਟ ਸਮਝ ਹੈ। ਸੰਸਦ ‘ਚ ਪਾਸ ਹੋਏ ਕਾਨੂੰਨ ਨੂੰ ਸੂਬੇ ਲਾਗੂ ਕਰਨ ਤੋਂ ਕਿਵੇਂ ਇਨਕਾਰ ਕਰ ਸਕਦੇ ਹਨ।”

Video Ad