Home ਭਾਰਤ ਪਟਾਕਾ ਫ਼ੈਕਟਰੀ ‘ਚ ਧਮਾਕਾ, 5 ਮਜ਼ਦੂਰਾਂ ਦੀ ਮੌਤ, 4 ਦੀ ਹਾਲਤ ਗੰਭੀਰ

ਪਟਾਕਾ ਫ਼ੈਕਟਰੀ ‘ਚ ਧਮਾਕਾ, 5 ਮਜ਼ਦੂਰਾਂ ਦੀ ਮੌਤ, 4 ਦੀ ਹਾਲਤ ਗੰਭੀਰ

0
ਪਟਾਕਾ ਫ਼ੈਕਟਰੀ ‘ਚ ਧਮਾਕਾ, 5 ਮਜ਼ਦੂਰਾਂ ਦੀ ਮੌਤ, 4 ਦੀ ਹਾਲਤ ਗੰਭੀਰ

ਬਿਜਨੌਰ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਬਖਸ਼ੀਵਾਲਾ ਇਲਾਕੇ ‘ਚ ਵੀਰਵਾਰ ਨੂੰ ਅਚਾਨਕ ਧਮਾਕਾ ਹੋਇਆ। ਹਾਦਸੇ ਦੌਰਾਨ ਫ਼ੈਕਟਰੀ ‘ਚ ਕੰਮ ਕਰ ਰਹੇ 5 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 4 ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖ਼ਮੀਆਂ ਦਾ ਇਲਾਜ ਬਿਜਨੌਰ ਦੇ ਜ਼ਿਲ੍ਹਾ ਹਸਪਤਾਲ ਵਿਖੇ ਚੱਲ ਰਿਹਾ ਹੈ।

ਇਹ ਧਮਾਕਾ ਫ਼ੈਕਟਰੀ ‘ਚ ਦੁਪਹਿਰ 1 ਵਜੇ ਹੋਇਆ, ਜਦੋਂ 9 ਲੋਕ ਉੱਥੇ ਕੰਮ ਕਰ ਰਹੇ ਸਨ। ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਬਾਰੂਦ ਫਟਿਆ ਹੋ ਸਕਦਾ ਹੈ। ਫਿਲਹਾਲ ਪੁਲਿਸ ਤੇ ਪ੍ਰਸ਼ਾਸਨ ਪੂਰੇ ਮਾਮਲੇ ਦੀ ਜਾਂਚ ‘ਚ ਜੁਟੇ ਹੋਏ ਹਨ।

ਦੱਸਿਆ ਜਾ ਰਿਹਾ ਹੈ ਕਿ ਪਟਾਕਾ ਫ਼ੈਕਟਰੀ ਕਾਲੋਨੀ ਦੇ ਵਿਚਕਾਰ ਹੈ। ਬਖਸ਼ੀਵਾਲਾ ਇਲਾਕੇ ਦੇ ਪਿੰਡ ਬੁਖਾਰਾ ਵਾਸੀ ਯੂਸੁਫ਼ ਨੇ ਇਕ ਮਕਾਨ ਕਿਰਾਏ ‘ਤੇ ਲਿਆ ਹੋਇਆ ਸੀ। ਇਸੇ ‘ਚ ਪਟਾਕੇ ਬਣਾਉਣ ਦੀ ਫ਼ੈਕਟਰੀ ਚੱਲ ਰਹੀ ਸੀ। ਧਮਾਕੇ ਕਾਰਨ ਮਕਾਨ ਦਾ ਇਕ ਹਿੱਸਾ ਪੂਰੀ ਤਰ੍ਹਾਂ ਢਹਿ ਗਿਆ। ਜਦੋਂ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਅੰਦਰ ਕੰਮ ਕਰ ਰਹੇ 5 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਲੋਕ ਗੰਭੀਰ ਜ਼ਖ਼ਮੀ ਹੋ ਗਏ।

ਲੋਕਾਂ ਨੇ ਦੱਸਿਆ ਕਿ ਮਕਾਨ ਦੇ ਅੰਦਰ ਯੂਸੁਫ਼ 9 ਮਜ਼ਦੂਰਾਂ ਤੋਂ ਪਟਾਕੇ ਤਿਆਰ ਕਰਵਾ ਰਿਹਾ ਸੀ। ਇਸ ਦੌਰਾਨ ਉਸ ਨੇ ਘਰ ਨੂੰ ਬਾਹਰੋਂ ਤਾਲਾ ਲਗਾਇਆ ਹੋਇਆ ਸੀ। ਇਸ ਗੱਲ ਦੀ ਸੰਭਾਵਨਾ ਹੈ ਕਿ ਫ਼ੈਕਟਰੀ ਗ਼ੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੀ ਸੀ। ਦੂਜੇ ਪਾਸੇ ਧਮਾਕੇ ਦੀ ਸੂਚਨਾ ‘ਤੇ ਬਿਜਨੌਰ ਦੇ ਐਸ.ਪੀ. ਡਾ. ਧਰਮਵੀਰ ਸਿੰਘ ਵੀ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਣਕਾਰੀ ਲਈ। ਉਨ੍ਹਾਂ ਦੱਸਿਆ ਕਿ ਯੂਸੁਫ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੇ ਫ਼ੈਕਟਰੀ ਦਾ ਲਾਇਸੈਂਸ ਲੈਣ ਦੀ ਗੱਲ ਕਹੀ ਹੈ।

ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ। ਇਸ ਦੇ ਨਾਲ ਹੀ ਸੀਨੀਅਰ ਅਧਿਕਾਰੀਆਂ ਨੂੰ ਵੀ ਮੌਕੇ ‘ਤੇ ਰਹਿ ਕੇ ਹਰ ਸੰਭਵ ਤਰੀਕੇ ਨਾਲ ਪੀੜਤਾਂ ਦੀ ਮਦਦ ਕਰਨ ਲਈ ਕਿਹਾ ਗਿਆ ਹੈ। ਉਸ ਨੇ ਪੂਰੇ ਮਾਮਲੇ ਦੀ ਡੀਐਮ ਅਤੇ ਐਸਪੀ ਤੋਂ ਰਿਪੋਰਟ ਮੰਗੀ ਹੈ।