Home ਤਾਜ਼ਾ ਖਬਰਾਂ ਪਟਿਆਲਾ ਦੇ ਗੁਰਦੁਆਰੇ ਵਿਚ ਔਰਤ ਨੂੰ ਮਾਰੀ ਗੋਲੀ

ਪਟਿਆਲਾ ਦੇ ਗੁਰਦੁਆਰੇ ਵਿਚ ਔਰਤ ਨੂੰ ਮਾਰੀ ਗੋਲੀ

0


ਪਟਿਆਲਾ, 15 ਮਈ, ਹ.ਬ. : ਪਟਿਆਲਾ ਦੇ ਇੱਕ ਗੁਰਦੁਆਰੇ ਵਿੱਚ ਬੇਅਦਬੀ ਦੇ ਮਾਮਲੇ ਵਿੱਚ ਐਤਵਾਰ ਰਾਤ 10 ਵਜੇ ਇੱਕ ਸ਼ਰਧਾਲੂ ਵੱਲੋਂ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਸ਼ ਹੈ ਕਿ ਔਰਤ ਗੁਰਦੁਆਰਾ ਦੁਖ ਨਿਵਾਰਣ ਸਾਹਿਬ ਵਿਚ ਸਰੋਵਰ ਦੇ ਕੋਲ ਸ਼ਰਾਬ ਪੀ ਰਹੀ ਸੀ। ਗੋਲੀਬਾਰੀ ’ਚ ਇਕ ਸੇਵਾਦਾਰ ਵੀ ਜ਼ਖਮੀ ਹੋ ਗਿਆ। ਮੁਲਜ਼ਮ ਦਾ ਨਾਂ ਨਿਰਮਲਜੀਤ ਸਿੰਘ ਹੈ ਅਤੇ ਉਹ ਪਟਿਆਲਾ ਦਾ ਰਹਿਣ ਵਾਲਾ ਹੈ। ਉਹ ਪ੍ਰਾਪਰਟੀ ਡੀਲਰ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਦੇ ਨਾਲ ਹੀ ਮ੍ਰਿਤਕ ਔਰਤ ਦਾ ਨਾਂ ਪਰਵਿੰਦਰ ਕੌਰ (32) ਹੈ। ਉਹ ਗੁਰਦੁਆਰੇ ਅੰਦਰ ਸ਼ਰਾਬ ਪੀ ਰਹੀ ਸੀ। ਜਿਸ ਕਾਰਨ ਗੁਰਦੁਆਰੇ ਦੇ ਮੁਲਾਜ਼ਮਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਉਹ ਔਰਤ ਨੂੰ ਪੁੱਛਗਿਛ ਲਈ ਗੁਰਦੁਆਰੇ ਦੇ ਕਮਰੇ ਵਿਚ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਬਾਅਦ ਉਸ ਨੇ ਸ਼ਰਾਬ ਦੀ ਬੋਤਲ ਨਾਲ ਸਟਾਫ ’ਤੇ ਹਮਲਾ ਕਰ ਦਿੱਤਾ।
ਸੇਵਾਦਾਰ ਔਰਤ ਤੋਂ ਪੁੱਛ-ਪੜਤਾਲ ਕਰ ਰਹੇ ਸਨ ਤਾਂ ਨਿਰਮਲਜੀਤ ਉਥੇ ਆ ਗਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਨਿਰਮਲਜੀਤ ਨੇ ਆਪਣੇ ਲਾਇਸੰਸੀ ਰਿਵਾਲਵਰ ਤੋਂ ਪੰਜ ਗੋਲੀਆਂ ਚਲਾਈਆਂ। ਔਰਤ ਨੂੰ ਤਿੰਨ ਗੋਲੀਆਂ ਲੱਗੀਆਂ, ਜਦਕਿ ਸੇਵਾਦਾਰ ਸਾਗਰ ਨੂੰ ਵੀ ਗੋਲੀ ਲੱਗੀ। ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਾਗਰ ਨੂੰ ਰਜਿੰਦਰਾ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਦੇ ਪੇਟ ਵਿੱਚ ਗੋਲੀ ਲੱਗੀ ਹੈ।
ਅਨਾਜ ਮੰਡੀ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕਤਲ ਅਤੇ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦਾ ਰਿਵਾਲਵਰ ਵੀ ਜ਼ਬਤ ਕਰ ਲਿਆ ਗਿਆ ਹੈ। ਸੂਤਰਾਂ ਮੁਤਾਬਕ ਮੁਲਜ਼ਮ ਨੇ ਕਤਲ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ ਹੈ। ਪੁਲਿਸ ਤੱਥਾਂ ਦੀ ਪੁਸ਼ਟੀ ਲਈ ਸੀਸੀਟੀਵੀ ਖੰਗਾਲ ਕਰ ਰਹੀ ਹੈ। ਮੁਲਜ਼ਮ ਦੇ ਕਰੀਬੀ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਨਿਰਮਲਜੀਤ ਸਿੰਘ ਸੈਣੀ ਦਾ ਕੁਝ ਸਮਾਂ ਪਹਿਲਾਂ ਆਪਣੀ ਪਤਨੀ ਤੋਂ ਤਲਾਕ ਹੋ ਗਿਆ ਸੀ। ਤਲਾਕ ਤੋਂ ਬਾਅਦ ਉਹ ਤਣਾਅ ਵਿਚ ਰਹਿੰਦਾ ਸੀ ਅਤੇ ਰੋਜ਼ਾਨਾ ਗੁਰਦੁਆਰੇ ਵਿਚ ਮੱਥਾ ਟੇਕਣ ਲਈ ਜਾਂਦਾ ਸੀ।