ਪਠਾਨਕੋਟ, 3 ਮਈ, ਹ.ਬ. : ਪਾਕਿਸਤਾਨ ਇਕ ਵਾਰ ਫਿਰ ਘੁਸਪੈਠ ਕਰਨ ਅਤੇ ਕੌਮਾਂਤਰੀ ਸਰਹੱਦ ’ਤੇ ਸੁਰੱਖਿਆ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਇਨਪੁਟ ਸੁਰੱਖਿਆ ਏਜੰਸੀਆਂ ਦੇ ਹੱਥ ਲੱਗੇ ਹਨ। ਇਸ ਤੋਂ ਬਾਅਦ ਪਠਾਨਕੋਟ ਤੋਂ ਜੰਮੂ ਦੇ ਰਤਨਚੱਕ ਤੱਕ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਸੁਰੱਖਿਆ ਬਲਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸੁਰੱਖਿਆ ਕਾਰਨਾਂ ਕਰਕੇ ਕਠੂਆ ਦੇ ਆਰਮੀ ਪਬਲਿਕ ਸਕੂਲ ਵਿੱਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਹੀਰਾਨਗਰ ਸੈਕਟਰ ਦੇ ਬਿਲਕੁਲ ਸਾਹਮਣੇ ਆਈਐਸਆਈ ਅਤੇ ਪਾਕਿਸਤਾਨੀ ਏਜੰਸੀਆਂ ਇੱਕ ਵਾਰ ਫਿਰ ਭਾਰਤੀ ਸਰਹੱਦ ਵਿੱਚ ਦਹਿਸ਼ਤ ਫੈਲਾਉਣ ਦੀਆਂ ਯੋਜਨਾਵਾਂ ’ਤੇ ਕੰਮ ਕਰ ਰਹੀਆਂ ਹਨ। ਅੱਤਵਾਦੀ ਲਾਂਚਪੈਡ ਸ਼ਕਰਗੜ੍ਹ ’ਚ ਸ਼ੱਕੀ ਲੋਕਾਂ ਦੀ ਮੌਜੂਦਗੀ ਅਤੇ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ ਹਨ।