ਮੁੰਬਈ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਦੀ ਪਟੀਸ਼ਨ ‘ਤੇ ਬੁੱਧਵਾਰ ਨੂੰ ਬੰਬੇ ਹਾਈ ਕੋਰਟ ‘ਚ ਸੁਣਵਾਈ ਹੋਈ। ਹਾਈ ਕੋਰਟ ਨੇ ਪਰਮਬੀਰ ਸਿੰਘ ਦੇ ਵਕੀਲ ਨੂੰ ਕਿਹਾ ਕਿ ਜਦੋਂ ਤਕ ਐਫਆਈਆਰ ਦਰਜ ਕਰਵਾਈ ਜਾਂਦੀ, ਉਦੋਂ ਤਕ ਜਾਂਚ ਦਾ ਆਦੇਸ਼ ਨਹੀਂ ਦਿੱਤਾ ਜਾਵੇਗਗਾ। ਹਾਈ ਕੋਰਟ ਦੇ ਮੁੱਖ ਜੱਜ ਦੀਪਾਂਕਰ ਦੱਤਾ ਨੇ ਪਰਮਬੀਰ ਦੇ ਵਕੀਲ ਨੂੰ ਕਿਹਾ ਕਿ ਤੁਸੀਂ ਕੋਈ ਅਜਿਹਾ ਮਾਮਲੇ ਦੱਸੋ, ਜਿਸ ‘ਚ ਬਗੈਰ ਐਫਆਈਆਰ ਦਰਜ ਕੀਤੇ ਮਾਮਲੇ ਨੂੰ ਸੀਬੀਆਈ ਜਾਂਚ ਲਈ ਟਰਾਂਸਫ਼ਰ ਕਰ ਦਿੱਤਾ ਗਿਆ ਹੋਵੇ। ਦੱਸ ਦੇਈਏ ਕਿ ਪਰਮਬੀਰ ਸਿੰਘ ਨੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ‘ਤੇ 100 ਕਰੋੜ ਰੁਪਏ ਦੀ ਵਸੂਲੀ ਦਾ ਟੀਚਾ ਦੇਣ ਦਾ ਦੋਸ਼ ਲਾਇਆ ਹੈ। ਪਰਮਬੀਰ ਸਿੰਘ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਲਈ ਹਾਈ ਕੋਰਟ ‘ਚ ਅਰਜ਼ੀ ਦਾਇਰ ਕੀਤੀ ਸੀ।
ਪਰਮਬੀਰ ਦੇ ਵਕੀਲ ਵਿਕਰਮ ਨਨਕਾਣੀ ਨੇ ਅਦਾਲਤ ਨੂੰ ਦੱਸਿਆ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਪਰਮਬੀਰ ਦੀ ਚਿੱਠੀ ‘ਚ ਕੌੜੀ ਸੱਚਾਈ ਦੱਸੀ ਗਈ ਹੈ। ਇਸ ਨਾਲ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੁਲਿਸ ਫ਼ੋਰਸ ‘ਚ ਕਮੀਆਂ ਕਿੱਥੇ ਹਨ। ਇਹ ਪੁਲਿਸ ਫ਼ੋਰਸ ‘ਚ ਰਾਜਨੀਤਿਕ ਦਖਲਅੰਦਾਜ਼ੀ ਦਾ ਮਾਮਲਾ ਹੈ। ਸਰਕਾਰੀ ਵਕੀਲ ਆਸ਼ੂਤੋਸ਼ ਕੁੰਭਕੋਣੀ ਨੇ ਕਿਹਾ ਕਿ ਇਹ ਸਾਰੇ ਦੋਸ਼ ਬੇਬੁਨਿਆਦ ਅਤੇ ਝੂਠੇ ਹਨ। ਅਜਿਹੇ ਦੋਸ਼ ਪੁਲਿਸ ਫ਼ੋਰਸ ਦੇ ਮਨੋਬਲ ਨੂੰ ਢਾਹ ਲਗਾਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਅਰਜ਼ੀਆਂ ਸੁਣਵਾਈ ਯੋਗ ਨਹੀਂ ਹਨ। ਮੈਂ ਤੁਹਾਨੂੰ ਇਸ ਸਬੰਧੀ ਕੁਝ ਫ਼ੈਸਲੇ ਵਿਖਾ ਸਕਦਾ ਹਾਂ। ਪਰਮਬੀਰ ਦੀ ਚਿੱਠੀ ਤੋਂ ਸੂਬੇ ‘ਚ ਸਿਆਸੀ ਭੂਚਾਲ ਆ ਗਿਆ ਹੈ।

ਪਰਮਬੀਰ ਸਿੰਘ ਨੇ ਗ੍ਰਹਿ ਮੰਤਰੀ ਦੇਸ਼ਮੁਖ ‘ਤੇ ਗੰਭੀਰ ਦੋਸ਼ ਲਗਾਏ ਸਨ
ਜ਼ਿਕਰਯੋਗ ਹੈ ਕਿ ਪਰਮਬੀਰ ਸਿੰਘ ਦਾ ਕਹਿਣਾ ਹੈ ਕਿ ਗ੍ਰਹਿ ਮੰਤਰੀ ਦੇਸ਼ਮੁਖ ਨੇ ਮੁਅੱਤਲ ਕੀਤੇ ਏਪੀਆਈ ਸਚਿਨ ਵਾਜੇ ਨੂੰ 100 ਕਰੋੜ ਰੁਪਏ ਵਸੂਲੀ ਦਾ ਟੀਚਾ ਦਿੱਤਾ ਸੀ। ਨਾਲ ਹੀ ਮੁੱਖ ਮੰਤਰੀ ਊਧਵ ਠਾਕਰੇ ਨੂੰ ਵੀ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਸੀ, ਪਰ ਕੁਝ ਦਿਨਾਂ ਬਾਅਦ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਪਰਮਬੀਰ ਨੇ ਆਪਣੇ ਤਬਾਦਲੇ ਦੇ ਆਦੇਸ਼ ਨੂੰ ਵੀ ਚੁਣੌਤੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟਰਾਂਸਫ਼ਰ ਪੋਸਟਿੰਗ ‘ਤੇ ਅਧਿਕਾਰੀ ਰਸ਼ਮੀ ਸ਼ੁਕਲਾ ਦੀ ਰਿਪੋਰਟ ਦੀ ਜਾਂਚ ਕਰਨ ਤੋਂ ਬਾਅਦ ਹੀ ਕਿਸੇ ਨਤੀਜੇ ‘ਤੇ ਪਹੁੰਚਣਾ ਚਾਹੀਦਾ ਹੈ। ਪਰਮਬੀਰ ਸਿੰਘ ਨੇ ਗ੍ਰਹਿ ਮੰਤਰੀ ਦੇ ਬੰਗਲੇ ਦੀ ਸੀਸੀਟੀਵੀ ਫ਼ੁਟੇਜ ਦੀ ਜਾਂਚ ਕਰਨ ਦੀ ਮੰਗ ਵੀ ਕੀਤੀ ਹੈ। ਪਰਮਬੀਰ ਦਾ ਦਾਅਵਾ ਹੈ ਕਿ ਸਚਿਨ ਵਾਜੇ ਕਈ ਵਾਰ ਦੇਸ਼ਮੁੱਖ ਦੀ ਰਿਹਾਇਸ਼ ‘ਤੇ ਗਏ ਹਨ ਅਤੇ ਦੋਵਾਂ ਵਿਚਾਲੇ ਲੰਮੀ ਗੱਲਬਾਤ ਹੋਈ ਹੈ।
ਸੇਵਾਮੁਕਤ ਜੱਜ ਦੋਸ਼ਾਂ ਦੀ ਜਾਂਚ ਕਰਨਗੇ
ਸਰਕਾਰ ਨੇ ਪਰਮਬੀਰ ਦੇ ਦੋਸ਼ਾਂ ਦੀ ਜਾਂਚ ਰਿਟਾਇਰਡ ਜੱਜ ਨੂੰ ਸੌਂਪ ਦਿੱਤੀ ਹੈ। ਮਹਾਰਾਸ਼ਟਰ ਸਰਕਾਰ ਨੇ ਰਿਟਾਇਰਡ ਜੱਜ ਕੈਲਾਸ਼ ਉੱਤਮਚੰਦ ਚੰਦੀਵਾਲ ਨੂੰ ਇਸ ਕੇਸ ਦੀ ਜਾਂਚ ਲਈ ਨਿਯੁਕਤ ਕੀਤਾ ਹੈ। ਚੰਦੀਵਾਲ ਦੀ ਅਗਵਾਈ ਹੇਠ ਇਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਅਗਲੇ 6 ਮਹੀਨਿਆਂ ‘ਚ ਸੂਬਾ ਸਰਕਾਰ ਨੂੰ ਰਿਪੋਰਟ ਸੌਂਪੇਗੀ।
ਕੀ ਹੈ ਮਾਮਲਾ?
ਪ੍ਰਸਿੱਧ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੇ ਬਾਹਰ ਸਕਾਰਪੀਓ ‘ਚ ਵਿਸਫ਼ੋਟਕ ਮਿਲਣ ਤੋਂ ਬਾਅਦ ਮਹਾਰਾਸ਼ਟਰ ਪੁਲਿਸ ‘ਚ ਹਲਚਲ ਮਚ ਗਈ ਸੀ। ਇਸ ਮਾਮਲੇ ‘ਚ ਪੁਲਿਸ ਅਧਿਕਾਰੀ ਸਚਿਨ ਵਾਜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸਰਕਾਰ ਨੇ ਪਰਮਬੀਰ ਸਿੰਘ ਨੂੰ ਮੁੰਬਈ ਦੇ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਹੋਮ ਗਾਰਡਜ਼ ਦਾ ਡੀ.ਜੀ. ਬਣਾਇਆ ਹੈ। ਉਨ੍ਹਾਂ ‘ਤੇ ਸਚਿਨ ਵਾਜੇ ਨੂੰ ਹਦਾਇਤ ਦੇਣ ਦਾ ਦੋਸ਼ ਹੈ।
