
ਪਿਤਾ ਸਵੀਡਨ ਵਿਚ ਤੇ ਛੋਟੀ ਭੈਣ ਰਹਿੰਦੀ ਹੈ ਕੈਨੇਡਾ ’ਚ
ਜਲੰਧਰ, 23 ਜੁਲਾਈ, ਹ.ਬ. : ਦੋਆਬੇ ਵਿੱਚ ਹੈਰੋਇਨ ਸਮੱਗਲਰਾਂ ਦੇ ਗੜ੍ਹ ਫਿਲੌਰ ਦਾ ਗੰਨਾ ਪਿੰਡ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ 29 ਸਾਲਾ ਨੌਜਵਾਨ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਜਸਵੰਤ ਸਿੰਘ ਨਕੋਦਰ ਦੇ ਸ਼ੰਕਰ ਸਥਿਤ ਕਰਤਾਰ ਨਗਰ ਦਾ ਹੈ ਅਤੇ ਮੁਲਜ਼ਮ ਗੰਨਾ ਪਿੰਡ ਦਾ ਰਾਜਵੀਰ ਉਰਫ਼ ਲਾਡੀ, ਜਸਵਿੰਦਰ ਰਾਮ ਉਰਫ਼ ਘੁੱਲਾ, ਬਲਵਿੰਦਰ ਉਰਫ਼ ਬੱਗੀ, ਰੱਜੀ ਅਤੇ ਉਸ ਦਾ ਪਤੀ ਸੋਨੂੰ, ਪਿੰਡ ਮਾਓ ਸਾਹਿਬ ਦੀ ਊਸ਼ਾ ਅਤੇ ਮਨੀ ਹੈ।
ਸਾਰਿਆਂ ਖਿਲਾਫ ਧਾਰਾ 304-ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮਈ ਵਿੱਚ ਘੁੱਲਾ ਦੀ ਨੂੰਹ ਮਨਜੀਤ ਕੌਰ ਗੋਰੋ (32) ਦੀ ਹੈਰੋਇਨ ਵੇਚਦੀ ਇੱਕ ਵੀਡੀਓ ਵਾਇਰਲ ਹੋਈ ਸੀ। ਘੁੱਲਾ ਨੂੰ ਵੀ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ ਸੀ। ਉਸ ਖ਼ਿਲਾਫ਼ ਤਸਕਰੀ ਦੇ 15 ਕੇਸ ਦਰਜ ਹਨ। ਇਸ ਦੇ ਨਾਲ ਹੀ ਰੱਜੀ ਪਤਨੀ ਸੋਨੂੰ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ਨੇ ਜ਼ਮਾਨਤ ’ਤੇ ਆ ਕੇ ਦੁਬਾਰਾ ਹੈਰੋਇਨ ਵੇਚਣੀ ਸ਼ੁਰੂ ਕਰ ਦਿੱਤੀ। ਗੁਰਪ੍ਰੀਤ ਕੌਰ (37) ਪਤਨੀ ਗੁਰਜੀਤ ਸਿੰਘ
ਨੇ ਕਿਹਾ ਕਿ ਪਰਵਾਰ ਵਿਚ ਛੋਟੀ ਭੈਣ ਕਮਲਜੀਤ ਕੌਰ, ਭਰਾ ਜਸਵੰਤ ਸਿੰਘ ਅਤੇ ਮਾਂ ਗੁਰਬਖਸ਼ ਕੌਰ ਹੈ। ਪਿਤਾ 12 ਸਾਲ ਤੋਂ ਸਵੀਡਨ ਵਿਚ ਹੈ। ਛੋਟੀ ਭੈਣ ਕੈਨੇਡਾ ਵਿਚ ਹੈ। ਇਕਲੌਤਾ ਭਰਾ ਜਸਵੰਤ 5 ਸਾਲ ਤੋਂ ਹੈਰੋਇਨ ਦਾ ਨਸ਼ਾ ਕਰ ਰਿਹਾ ਸੀ। ਪਰਵਾਰ ਨੇ ਉਸ ਨੂੰ ਕਈ ਵਾਰ ਨਸ਼ਾ ਛੁਡਾਓ ਕੇਂਦਰ ਵਿਚ ਭਰਤੀ ਵੀ ਕਰਾਇਆ ਸੀ। ਬੁਧਵਾਰ ਨੂੰ ਉਸ ਦੀ ਮੌਤ ਹੋ ਗਈ ਸੀ। ਵੀਰਵਾਰ ਸ਼ਾਮ ਨਕੋਦਰ ਦੇ ਪਿੰਡ ਕੰਗ ਸਾਭੋ ਵਿਚ ਸਸਕਾਰ ਕੀਤਾ ਗਿਆ।
ਪੁਲਿਸ ਨੇ ਸੀਸੀਟੀਵੀ ਚੈੱਕ ਕੀਤੇ ਤਾਂ ਮੰਨੀ ਦਾ ਨਾਮ ਸਾਹਮਣੇ ਆਇਆ। ਮੰਨੀ, ਜਸਵੰਤ ਦੇ ਨਾਲ ਹੈਰੋਇਨ ਲੈਣ ਸਮੱਗਲਰਾਂ ਕੋਲ ਗਿਆ, ਫਿਰ ਉਸ ਨੂੰ ਓਵਰਡੋਜ਼ ਦੇ ਦਿੱਤੀ। ਇਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਗੰਨਾ ਪਿੰਡ ਉਹੀ ਪਿੰਡ ਹੈ ਜਿਸ ਦੀਆਂ ਤਾਰਾਂ ਫਿਲੌਰ ਪੁਲਿਸ ਅਕੈਡਮੀ ਨਾਲ ਜੁੜੀਆਂ ਹੋਈਆਂ ਸਨ।