
ਇਸਲਾਮਾਬਾਦ, 9 ਅਪ੍ਰੈਲ, ਹ.ਬ. : ਪਾਕਿਸਤਾਨ ਵਿਚ ਪਿਛਲੇ ਸ਼ਨਿਚਰਵਾਰ ਨੂੰ ਇਕ 22 ਸਾਲਾ ਹਿੰਦੂ ਲੜਕੀ ਆਰਤੀ ਬਾਈ ਨੂੰ ਲਰਕਾਨਾ ਦੇ ਅਲੀ ਗੋਹਰ ਇਲਾਕੇ ਤੋਂ ਅਗਵਾ ਕਰ ਲਿਆ ਗਿਆ। ਆਰਤੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਰੇਸ਼ਮ ਗਲੀ ਸਥਿਤ ਬਿਊਟੀ ਪਾਰਲਰ ’ਚ ਕੰਮ ਕਰਦੀ ਹੈ। ਤਿੰਨ ਅਪ੍ਰੈਲ ਨੂੰ ਉਹ ਪਾਰਲਰ ਜਾਣ ਲਈ ਘਰੋਂ ਨਿਕਲੀ ਸੀ ਪਰ ਜਦੋਂ ਦੇਰ ਸ਼ਾਮ ਤਕ ਘਰ ਨਹੀਂ ਪਰਤੀ ਤਾਂ ਪਿਤਾ ਨੇ ਉਸ ਦੇ ਅਗਵਾ ਹੋਣ ਦਾ ਸ਼ੱਕ ਪ੍ਰਗਟਾਉਂਦਿਆਂ ਪੁਲਿਸ ਨੂੰ ਉਸ ਨੂੰ ਬਰਾਮਦ ਕਰਨ ਦੀ ਮੰਗ ਕੀਤੀ। ਦਿ ਰਾਈਜ਼ ਨਿਊਜ਼ ਨੇ ਲੜਕੀ ਦੇ ਅਗਵਾ ਹੋਣ ਦੀ ਪੁਸ਼ਟੀ ਕੀਤੀ ਹੈ। ਆਰਤੀ ਦਾ ਪਰਵਾਰ ਨਾ ਸਿਰਫ਼ ਧੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਬਲਕਿ ਉਸ ਦੇ ਭੇਤ-ਭਰੇ ਤਰੀਕੇ ਨਾਲ ਲਾਪਤਾ ਹੋਣ ਤੋਂ ਹੈਰਾਨ ਹੈ। ਦੇਸ਼ ’ਚ ਸ਼ੋਸ਼ਣ ਤੋਂ ਪਰੇਸ਼ਾਨ ਘੱਟ ਗਿਣਤੀਆਂ ਨੂੰ ਚੁੱਪ ਕਰਵਾਉਣ ਲਈ ਸੱਤਾ ਧਿਰ ਅਗਵਾ ਤੇ ਕੁੱਟਮਾਰ ਵਰਗੇ ਹੱਥਕੰਡੇ ਅਪਣਾਉਂਦਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਕਈ ਮੌਕਿਆਂ ’ਤੇ ਘੱਟ ਗਿਣਤੀਆਂ ਦੀ ਹਰ ਹਾਲ ’ਚ ਸੁਰੱਖਿਆ ਦੀ ਗੱਲ ਕਹਿ ਚੁੱਕੇ ਹਨ ਪਰ ਉਨ੍ਹਾਂ ਦੀ ਕੋਸ਼ਿਸ਼ ਜ਼ਮੀਨ ’ਤੇ ਉਤਰਦੇ ਦਿਖਾਈ ਨਹੀਂ ਦਿੰਦੀ। ਇਸ ਘਟਨਾ ਨੂੰ ਲੈ ਕੇ ਹਿੰਦੂ ਭਾਈਚਾਰੇ ਵਿਚ ਕਾਫੀ ਨਰਾਜ਼ਗੀ ਹੈ। ਹਾਲਾਂਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਹਿੰਦੂ ਨੇਤਾਵਾਂ ਨੇ ਪਰਵਾਰ ਨਾਲ ਸੰਪਰਕ ਕੀਤਾ ਹੈ।