Home ਤਾਜ਼ਾ ਖਬਰਾਂ ਪਾਕਿਸਤਾਨ ਦੇ ਕਰਾਚੀ ਵਿਚ ਅੱਤਵਾਦੀ ਹਮਲਾ

ਪਾਕਿਸਤਾਨ ਦੇ ਕਰਾਚੀ ਵਿਚ ਅੱਤਵਾਦੀ ਹਮਲਾ

0
ਪਾਕਿਸਤਾਨ ਦੇ ਕਰਾਚੀ ਵਿਚ ਅੱਤਵਾਦੀ ਹਮਲਾ

ਕਰਾਚੀ, 18 ਫ਼ਰਵਰੀ, ਹ.ਬ. : ਸ਼ੁੱਕਰਵਾਰ ਸ਼ਾਮ ਨੂੰ ਕੁਝ ਅੱਤਵਾਦੀ ਪਾਕਿਸਤਾਨ ਦੇ ਕਰਾਚੀ ਦੇ ਸ਼ਾਹਰਾਹ-ਏ-ਫੈਸਲ ਇਲਾਕੇ ’ਚ ਸਥਿਤ ਪੁਲਸ ਹੈੱਡਕੁਆਰਟਰ ’ਚ ਦਾਖਲ ਹੋਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ’ਚ ਪੁਲਿਸ ਨੇ 5 ਅੱਤਵਾਦੀਆਂ ਨੂੰ ਮਾਰ ਦਿੱਤਾ। ਰਾਤ ਕਰੀਬ 11 ਵਜੇ ਮੁਕਾਬਲਾ ਖਤਮ ਹੋਇਆ ਜਦ ਕਿ ਹੁਣ ਸਰਚ ਆਪਰੇਸ਼ਨ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੱਕ ਪੁਲਿਸ ਅਧਿਕਾਰੀ ਅਤੇ ਇੱਕ ਰੇਂਜਰ ਸਮੇਤ ਚਾਰ ਦੀ ਮੌਤ ਹੋ ਗਈ ਜਦਕਿ 18 ਲੋਕ ਜ਼ਖਮੀ ਹੋਏ ਹਨ। ਪੁਲਿਸ ਨੇ ਦੱਸਿਆ ਕਿ ਹੁਣ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਅੱਤਵਾਦੀ ਪੁਲਸ ਦੀ ਵਰਦੀ ’ਚ ਇਮਾਰਤ ’ਚ ਦਾਖਲ ਹੋਏ ਸਨ।
ਇਸ ਤੋਂ ਪਹਿਲਾਂ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਸਬੰਧਤ ਡੀਆਈਜੀਜ਼ ਨੂੰ ਆਪੋ-ਆਪਣੇ ਖੇਤਰਾਂ ਤੋਂ ਕਰਮਚਾਰੀ ਮੌਕੇ ’ਤੇ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਉਸ ਨੇ ਕਿਹਾ, ਮੈਂ ਚਾਹੁੰਦਾ ਹਾਂ ਕਿ ਹਮਲਾਵਰ ਗ੍ਰਿਫਤਾਰ ਕੀਤੇ ਜਾਣ। ਹੈਡਕੁਆਰਟਰ ’ਤੇ ਹਮਲਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸਬੰਧਤ ਅਧਿਕਾਰੀ ਤੋਂ ਰਿਪੋਰਟ ਵੀ ਮੰਗੀ ਹੈ ਅਤੇ ਕਿਹਾ ਹੈ ਕਿ ਉਹ ਨਿੱਜੀ ਤੌਰ ’ਤੇ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਪਾਕਿਸਤਾਨੀ ਮੀਡੀਆ ਮੁਤਾਬਕ ਹਮਲਾ ਸ਼ਾਮ 7:10 ਵਜੇ ਹੋਇਆ। ਪੁਲਿਸ ਅਤੇ ਅੱਤਵਾਦੀਆਂ ਵਿਚਾਲੇ ਕਰੀਬ ਚਾਰ ਘੰਟੇ ਤੱਕ ਮੁਕਾਬਲਾ ਜਾਰੀ ਰਿਹਾ। ਰਾਸ਼ਟਰਪਤੀ ਡਾਕਟਰ ਆਰਿਫ ਅਲਵੀ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਮਲੇ ਦੀ ਨਿੰਦਾ ਕੀਤੀ ਹੈ। ਰਾਸ਼ਟਰਪਤੀ ਭਵਨ ਦੇ ਟਵਿੱਟਰ ਹੈਂਡਲ ਤੋਂ ਲਿਖਿਆ ਕਿ ਪੂਰਾ ਦੇਸ਼ ਅੱਤਵਾਦੀਆਂ ਦੇ ਖਿਲਾਫ ਆਪਣੇ ਸੁਰੱਖਿਆ ਬਲਾਂ ਨਾਲ ਖੜ੍ਹਾ ਹੈ। ਅੱਤਵਾਦ ਦੇ ਖਤਰੇ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਪੀਐਮ ਸ਼ਰੀਫ਼ ਨੇ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਤੋਂ ਘਟਨਾ ਬਾਰੇ ਰਿਪੋਰਟ ਮੰਗੀ ਹੈ।ਪਾਕਿਸਤਾਨ ਦੇ ਆਪਣੇ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਟੀਟੀਪੀ ਪਾਕਿਸਤਾਨ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ ਹੈ ਜੋ ਆਪਣੀ ਹੀ ਸਰਕਾਰ ਵਿਰੁੱਧ ਲੜ ਰਿਹਾ ਹੈ।