Home ਤਾਜ਼ਾ ਖਬਰਾਂ ਪਾਕਿਸਤਾਨ ਦੇ ਸਕੂਲ ਵਿਚ ਫਾਇਰਿੰਗ, 7 ਅਧਿਆਪਕਾਂ ਦੀ ਮੌਤ

ਪਾਕਿਸਤਾਨ ਦੇ ਸਕੂਲ ਵਿਚ ਫਾਇਰਿੰਗ, 7 ਅਧਿਆਪਕਾਂ ਦੀ ਮੌਤ

0

ਗੋਲੀਬਾਰੀ ਵਿਚ 6 ਫੌਜੀਆਂ ਦੀ ਵੀ ਗਈ ਜਾਨ, ਹਮਲਾਵਰਾਂ ਦਾ ਸੁਰਾਗ ਨਹੀਂ
ਖੈਬਰ ਪਖਤੂਨਖਵਾ, 5 ਮਈ, ਹ.ਬ. : ਵੀਰਵਾਰ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਖੁਰਰਮ ਜ਼ਿਲੇ ’ਚ ਗੋਲੀਬਾਰੀ ’ਚ 7 ਅਧਿਆਪਕਾਂ ਦੀ ਮੌਤ ਹੋ ਗਈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਗੋਲੀਬਾਰੀ ਦੀ ਇਸ ਘਟਨਾ ਨੂੰ ਅੱਤਵਾਦੀਆਂ ਨੇ ਅੰਜਾਮ ਦਿੱਤਾ ਹੈ ਜਾਂ ਇਹ ਆਪਸੀ ਦੁਸ਼ਮਣੀ ਦਾ ਮਾਮਲਾ ਹੈ। ਇਸੇ ਇਲਾਕੇ ਵਿੱਚ ਗੋਲੀਬਾਰੀ ਦੀ ਇੱਕ ਹੋਰ ਘਟਨਾ ਵੀ ਵਾਪਰੀ ਹੈ। ਇਸ ਵਿੱਚ ਦੋ ਅਧਿਆਪਕ ਵੀ ਮਾਰੇ ਗਏ ਹਨ। ਦੋਵੇਂ ਘਟਨਾਵਾਂ 6 ਕਿਲੋਮੀਟਰ ਦੇ ਦਾਇਰੇ ਵਿੱਚ ਵਾਪਰੀਆਂ। ਇਸ ਤੋਂ ਇਲਾਵਾ ਖੈਬਰ ’ਚ ਵੀ ਅੱਤਵਾਦੀ ਹਮਲਾ ਹੋਇਆ ਸੀ। ਇਸ ’ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਪਾਕਿਸਤਾਨੀ ਫੌਜ ਦੇ 6 ਜਵਾਨਾਂ ਨੂੰ ਮਾਰ ਦਿੱਤਾ ਸੀ। ਦੋਵਾਂ ਹਮਲਿਆਂ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਹਮਲਾਵਰਾਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ।

ਅਧਿਆਪਕਾਂ ’ਤੇ ਹਮਲੇ ਦੀ ਘਟਨਾ ਖੁਰਮ ਜ਼ਿਲ੍ਹੇ ਦੇ ਟੈਰੀ ਮੰਗਲ ਹਾਈ ਸਕੂਲ ’ਚ ਵਾਪਰੀ। ਅਧਿਆਪਕ ਇੱਥੇ ਸਟਾਫ ਰੂਮ ਵਿੱਚ ਪ੍ਰੀਖਿਆ ਪੇਪਰਾਂ ਦਾ ਸੈੱਟ ਤਿਆਰ ਕਰ ਰਹੇ ਸਨ। ਇੱਥੇ ਅਗਲੇ ਹਫ਼ਤੇ ਤੋਂ ਸ਼ੁਰੂ ਹੋਣ ਜਾ ਰਹੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਕਾਰ ’ਚ ਸਵਾਰ ਕੁਝ ਹਮਲਾਵਰ ਇੱਥੇ ਪਹੁੰਚ ਗਏ। ਸਕੂਲ ਦੇ ਬਾਹਰ ਬੈਰੀਕੇਡ ਲੱਗੇ ਹੋਏ ਸਨ ਅਤੇ ਪੁਲਿਸ ਵੀ ਮੌਜੂਦ ਸੀ। ਹਮਲਾਵਰ ਬੈਰੀਕੇਡ ਤੋੜ ਕੇ ਸਕੂਲ ਵਿੱਚ ਦਾਖਲ ਹੋਏ ਅਤੇ ਸਿੱਧੇ ਸਟਾਫ ਰੂਮ ਵਿੱਚ ਪਹੁੰਚੇ। ਇੱਥੇ ਪਹੁੰਚਦੇ ਹੀ ਗੋਲੀਬਾਰੀ ਸ਼ੁਰੂ ਹੋ ਗਈ। ਸਾਰੇ 7 ਅਧਿਆਪਕ ਮਾਰੇ ਗਏ। ਇਸ ਤੋਂ ਬਾਅਦ ਹਮਲਾਵਰ ਉਸੇ ਕਾਰ ਵਿੱਚ ਫਰਾਰ ਹੋ ਗਏ।
ਕੁਝ ਦੇਰ ਬਾਅਦ ਪੁਲਿਸ ਨੇ ਆ ਕੇ ਇਲਾਕੇ ਨੂੰ ਸੀਲ ਕਰ ਦਿੱਤਾ। ਅਜੇ ਤੱਕ ਹਮਲਾਵਰਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਕੁਝ ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਸ਼ੀਆ-ਸੁੰਨੀ ਵਿਵਾਦ ਨਾਲ ਜੁੜਿਆ ਹੋਇਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਸਾਰੇ ਅਧਿਆਪਕ ਸ਼ੀਆ ਭਾਈਚਾਰੇ ਦੇ ਸਨ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਰਾਸ਼ਟਰਪਤੀ ਆਰਿਫ ਅਲਵੀ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਮਲੇ ਦੀ ਨਿੰਦਾ ਕੀਤੀ ਹੈ। ਅਲਵੀ ਨੇ ਕਿਹਾ- ਜਿਨ੍ਹਾਂ ਲੋਕਾਂ ਨੇ ਇਹ ਹਮਲਾ ਕੀਤਾ ਉਹ ਅਸਲ ਵਿੱਚ ਸਿੱਖਿਆ ਦੇ ਦੁਸ਼ਮਣ ਹਨ। ਪਾਕਿਸਤਾਨ ਅਜਿਹੇ ਹਮਲਿਆਂ ਤੋਂ ਡਰਨ ਵਾਲਾ ਨਹੀਂ ਹੈ।
ਇਸ ਹਾਈ ਸਕੂਲ ਤੋਂ ਕਰੀਬ 6 ਕਿਲੋਮੀਟਰ ਦੂਰ ਬਾਈਕ ’ਤੇ ਜਾ ਰਹੇ ਦੋ ਹੋਰ ਅਧਿਆਪਕਾਂ ’ਤੇ ਵੀ ਗੋਲੀਬਾਰੀ ਕੀਤੀ ਗਈ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੋਵੇਂ ਮਿਡਲ ਸਕੂਲ ਦੇ ਅਧਿਆਪਕ ਸਨ। ਇਹ ਸਪੱਸ਼ਟ ਨਹੀਂ ਹੈ ਕਿ ਅਧਿਆਪਕਾਂ ’ਤੇ ਹੋਏ ਦੋ ਹਮਲਿਆਂ ਦਾ ਆਪਸ ਵਿੱਚ ਕੀ ਸਬੰਧ ਹੈ।

ਵੀਰਵਾਰ ਨੂੰ ਤਾਲਿਬਾਨ ਨੇ ਖੈਬਰ ਪਖਤੂਨਖਵਾ ਸੂਬੇ ਦੇ ਇਸ ਖੁਰਰਮ ਇਲਾਕੇ ਦੇ ਦਿਰਡੋਨੀ ’ਚ ਹਮਲੇ ’ਚ ਪਾਕਿਸਤਾਨੀ ਫੌਜ ਦੇ 6 ਜਵਾਨਾਂ ਨੂੰ ਮਾਰ ਦਿੱਤਾ ਸੀ। ਹਮਲੇ ਤੋਂ ਬਾਅਦ ਅੱਤਵਾਦੀ ਵੀ ਆਰਾਮ ਨਾਲ ਭੱਜਣ ਵਿੱਚ ਕਾਮਯਾਬ ਹੋ ਗਏ। ਫੌਜ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ।
ਇਸ ਇਲਾਕੇ ਵਿੱਚ ਦੋ ਦਿਨ ਪਹਿਲਾਂ ਪਾਕਿਸਤਾਨੀ ਫ਼ੌਜ ਨੇ ਤਾਲਿਬਾਨ ਦੇ ਆਗੂ ਅਬਦੁਲ ਜੱਬਾਰ ਸ਼ਾਹ ਨੂੰ ਮਾਰ ਮੁਕਾਇਆ ਸੀ। ਇਸ ਤੋਂ ਬਾਅਦ ਤਾਲਿਬਾਨ ਨੇ ਬਦਲਾ ਲੈਣ ਦੀ ਧਮਕੀ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਤਾਲਿਬਾਨ ਨੇ ਪਾਕਿਸਤਾਨੀ ਫੌਜ ਨੂੰ ਨਿਸ਼ਾਨਾ ਬਣਾਇਆ ਹੈ।
ਦਰਅਸਲ, ਇਹ ਇਲਾਕਾ ਅਫਗਾਨਿਸਤਾਨ ਦੇ ਨਾਲ ਲੱਗਦਾ ਹੈ। ਇੱਥੇ ਫੌਜ ਤਾਲਿਬਾਨ ਖਿਲਾਫ਼ ਆਪਰੇਸ਼ਨ ਚਲਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 2 ਮਹੀਨਿਆਂ ਤੋਂ ਚੱਲ ਰਹੇ ਇਸ ਆਪਰੇਸ਼ਨ ’ਚ 19 ਜਵਾਨ ਸ਼ਹੀਦ ਹੋਏ ਹਨ ਅਤੇ ਸਿਰਫ 2 ਅੱਤਵਾਦੀ ਮਾਰੇ ਗਏ ਹਨ। ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਵੀ ਤਣਾਅ ਜਾਰੀ ਹੈ। ਪਾਕਿਸਤਾਨ ਦਾ ਦੋਸ਼ ਹੈ ਕਿ ਅੱਤਵਾਦੀ ਹਮਲੇ ਕਰਨ ਤੋਂ ਬਾਅਦ ਅਫਗਾਨ ਸਰਹੱਦ ਵੱਲ ਭੱਜ ਜਾਂਦੇ ਹਨ ਅਤੇ ਉਥੇ ਸੁਰੱਖਿਅਤ ਪਨਾਹਗਾਹਾਂ ਲੱਭਦੇ ਹਨ। ਅਫਗਾਨਿਸਤਾਨ ’ਤੇ ਰਾਜ ਕਰ ਰਹੇ ਤਾਲਿਬਾਨ ਨੇ ਇਸ ਨੂੰ ਝੂਠਾ ਦੋਸ਼ ਦੱਸਿਆ ਹੈ।