
ਇਸਲਾਮਾਬਾਦ, 29 ਜੁਲਾਈ, ਹ.ਬ. : ਪਾਕਿਸਤਾਨ ਹੁਣ ਹੜ੍ਹਾਂ ਅਤੇ ਬਾਰਸ਼ਾਂ ਦੀ ਮਾਰ ਝੱਲ ਰਿਹਾ ਹੈ। ਹਾਲਾਤ ਇੰਨੇ ਵਿਗੜ ਗਏ ਹਨ ਕਿ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਖਣੀ-ਪੱਛਮੀ ਸੂਬੇ ਬਲੋਚਿਸਤਾਨ ਵਿੱਚ ਸਭ ਤੋਂ ਵੱਧ 111 ਮੌਤਾਂ ਹੋਈਆਂ ਹਨ। ਕਰਾਚੀ, ਪੰਜਾਬ, ਸਿੰਧ ਸੂਬੇ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ। ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 31 ਜੁਲਾਈ ਤੱਕ ਭਾਰੀ ਬਰਸਾਤ ਹੋਵੇਗੀ। ਬਲੋਚਿਸਤਾਨ ਦੇ 10 ਜ਼ਿਲ੍ਹਿਆਂ ਵਿੱਚ ਹਾਈ ਅਲਰਟ ਹੈ। ਦੇਸ਼ ਦੇ ਮੁੱਖ ਸਕੱਤਰ ਅਬਦੁਲ ਅਜੈ ਅਕੀਲੀਕ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਬਲੋਚਿਸਤਾਨ ਵਿੱਚ ਸਭ ਤੋਂ ਮਾੜੀ ਸਥਿਤੀ ਬਣੀ ਹੋਈ ਹੈ। ਇੱਥੇ 6,077 ਘਰ ਹੜ੍ਹ ਨਾਲ ਰੁੜ੍ਹ ਗਏ ਹਨ। ਕਰੀਬ 10 ਹਜ਼ਾਰ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇੰਨਾ ਹੀ ਨਹੀਂ 16 ਡੈਮਾਂ ਦੀਆਂ ਕੰਧਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। 2,400 ਸੋਲਰ ਪੈਨਲ ਵੀ ਨੁਕਸਾਨੇ ਗਏ ਹਨ। ਅਕੀਲੀਕ ਨੇ ਕਿਹਾ- ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਕਰੀਬ 650 ਕਿਲੋਮੀਟਰ ਸੜਕ ਨੁਕਸਾਨੀ ਗਈ ਹੈ।