
ਨਵੀਂ ਦਿੱਲੀ, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੇਂਦਰ ਸਰਕਾਰ ਦੇ ਵਧੀਕ ਸਿਹਤ ਸਕੱਤਰ ਨੇ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਇੱਕ ਚਿੱਠੀ ਲਿਖੀ ਹੈ ਕਿ ਹੋਲੀ, ਬੀਹੂ, ਸ਼ਬ-ਏ-ਬਾਰਾਤ ਜਿਹੇ ਤਿਉਹਾਰਾਂ ਦੌਰਾਨ ਲਾਗੂ ਕੀਤੀਆਂ ਜਾਣ ਵਾਲੀਆਂ ਪਾਬੰਦੀਆਂ ਉੱਤੇ ਵਿਚਾਰ ਕੀਤਾ ਜਾਵੇ। ਚਿੱਠੀ ‘ਚ ਕਿਹਾ ਗਿਆ ਹੈ ਕਿ ਹੋਲੀ, ਸ਼ਬ-ਏ-ਬਰਾਤ, ਬੀਹੂ, ਈਸਟਰ ਅਤੇ ਈਦ ਵਰਗੇ ਤਿਉਹਾਰਾਂ ਦੌਰਾਨ ਸਥਾਨਕ ਪ੍ਰਸ਼ਾਸਨ ਦੀ ਤਰਫ਼ੋ ਪਾਬੰਦੀਆਂ ਨੂੰ ਵਿਚਾਰਿਆ ਜਾ ਸਕਦਾ ਹੈ। ਕੇਂਦਰ ਸਰਕਾਰ ਨੇ ਆਦੇਸ਼ ਦਿੱਤਾ ਹੈ ਕਿ ਪ੍ਰਸ਼ਾਸਨ ਲੋਕਾਂ ਦੀ ਭਾਰੀ ਭੀੜ ਨੂੰ ਰੋਕਣ ਲਈ ਅਜਿਹੇ ਫ਼ੈਸਲੇ ਲੈ ਸਕਦਾ ਹੈ।
ਸਿਹਤ ਵਿਭਾਗ ਦੀ ਵਧੀਕ ਸੱਕਤਰ ਆਰਤੀ ਆਹੂਜਾ ਵੱਲੋਂ ਲਿਖੀ ਇੱਕ ਚਿੱਠੀ ‘ਚ ਸੂਬਿਆਂ ਨੂੰ ਦੱਸਿਆ ਗਿਆ ਹੈ ਕਿ ਉਹ ਤਿਉਹਾਰਾਂ ਦੇ ਮੱਦੇਨਜ਼ਰ ਪਾਬੰਦੀਆਂ ‘ਤੇ ਵਿਚਾਰ ਕਰ ਸਕਦੇ ਹਨ। ਸੂਬੇ ਆਪਣੇ ਤਿਉਹਾਰਾਂ ਦੌਰਾਨ ਭੀੜ ਨੂੰ ਇਕੱਤਰ ਹੋਣ ਤੋਂ ਰੋਕਣ ਲਈ ਆਪਦਾ ਪ੍ਰਬੰਧਨ ਐਕਟ ਦੀ ਧਾਰਾ-22 ਤਹਿਤ ਆਪਣੀ ਤਰਫ਼ੋਂ ਸਖ਼ਤ ਫੈਸਲੇ ਲੈ ਸਕਦੇ ਹਨ। ਇਸਦੇ ਨਾਲ ਹੀ ਚਿੱਠੀ ‘ਚ ਕਿਹਾ ਗਿਆ ਹੈ ਕਿ ਜੇ ਅਸੀਂ ਇਸ ਪੜਾਅ ‘ਤੇ ਢਿੱਲ ਦਿੱਤੀ ਤਾਂ ਕੋਰੋਨਾ ਨਾਲ ਲੜਾਈ ‘ਚ ਜਿਹੜੀ ਬੜ੍ਹਤ ਮਿਲੀ ਹੈ, ਉਹ ਖਤਮ ਹੋ ਸਕਦੀ ਹੈ।
ਰਾਜਧਾਨੀ ਦਿੱਲੀ ‘ਚ ਜਿੱਥੇ ਜਨਤਕ ਸਮਾਗਮਾਂ ‘ਤੇ ਰੋਕ ਲਗਾ ਦਿੱਤੀ ਗਈ ਹੈ, ਉੱਥੇ ਹੀ ਉੱਤਰ ਪ੍ਰਦੇਸ਼ ‘ਚ ਜਲੂਸ ਅਤੇ ਸਮਾਗਮ ਲਈ ਪ੍ਰਸ਼ਾਸਨ ਦੀ ਇਜਾਜ਼ਤ ਲੈਣੀ ਪਵੇਗੀ। ਮਹਾਰਾਸ਼ਟਰ ‘ਚ ਵੀ ਕੋਰੋਨਾ ਦਾ ਖਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਕੋਰੋਨਾ ਕਾਰਨ ਬੀਐਮਸੀ ਨੇ ਮੁੰਬਈ ‘ਚ ਜਨਤਕ ਸਮਾਗਮ ‘ਤੇ ਪਾਬੰਦੀ ਲਗਾ ਦਿੱਤੀ ਹੈ।
ਦਿੱਲੀ ਆਪਦਾ ਪ੍ਰਬੰਧਨ ਅਥਾਰਟੀ ਨੇ ਬੀਤੇ ਮੰਗਲਵਾਰ ਨੂੰ ਆਦੇਸ਼ ਦਿੱਤਾ ਹੈ ਕਿ ਹੋਲੀ ਅਤੇ ਨਵਰਾਤਰੀ ਵਰਗੇ ਤਿਉਹਾਰਾਂ ਦੌਰਾਨ ਰਾਸ਼ਟਰੀ ਰਾਜਧਾਨੀ ‘ਚ ਜਨਤਕ ਤੌਰ ‘ਤੇ ਕੋਈ ਜਸ਼ਨ ਨਹੀਂ ਮਨਾਇਆ ਜਾਂਦਾ। ਬ੍ਰਹਿਨਮੁੰਬਈ ਮਹਾਨਗਰਪਾਲਿਕਾ (ਬੀਐਮਸੀ) ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ 28 ਅਤੇ 29 ਮਾਰਚ ਨੂੰ ਹੋਲੀ ਨੂੰ ਨਿੱਜੀ ਅਤੇ ਜਨਤਕ ਥਾਵਾਂ ‘ਤੇ ਨਹੀਂ ਮਨਾਇਆ ਜਾਏਗਾ। ਆਦੇਸ਼ ‘ਚ ਕਿਹਾ ਗਿਆ ਹੈ ਕਿ ਉਲੰਘਣਾ ਕਰਨ ਵਾਲਿਆਂ ਉੱਤੇ ਮਹਾਂਮਾਰੀ ਰੋਗ ਐਕਟ 1897 ਅਤੇ ਆਪਦਾ ਪ੍ਰਬੰਧਨ ਐਕਟ 2005 ਤਹਿਤ ਕਾਰਵਾਈ ਕੀਤੀ ਜਾਵੇਗੀ।
ਉੱਤਰ ਪ੍ਰਦੇਸ਼ ਸਰਕਾਰ ਨੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੇ ਜਵਾਬਦੇਹੀ ਤੈਅ ਕਰਦਿਆਂ ਸੂਬੇ ‘ਚ ਵਿਸ਼ੇਸ਼ ਚੌਕਸੀ ਅਤੇ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਸਾਰੇ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਨੇ ਸਮਾਜਿਕ ਦੂਰੀ ਦਾ ਪਾਲਣ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਹਰੇਕ ਵਿਅਕਤੀ ਨੂੰ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ। ਬਗੈਰ ਮਨਜ਼ੂਰੀ ਕੋਈ ਵੀ ਸਮਾਗਮ ਨਹੀਂ ਕੀਤਾ ਜਾ ਸਕਦਾ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੂਬੇ ਦੇ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਦੀ ਲਾਗ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਅਤੇ ਵੱਡੀ ਗਿਣਤੀ ‘ਚ ਇਕੱਠੇ ਹੋਣ ਜਾਂ ਜਨਤਕ ਤੌਰ ‘ਤੇ ਹੋਲੀ ਮਨਾਉਣ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਗੁਜਰਾਤ ਸਰਕਾਰ ਨੇ ਕਿਹਾ ਕਿ ਹੋਲੀ ਦੇ ਤਿਉਹਾਰ ‘ਤੇ ਜਸ਼ਨ ਮਨਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ‘ਹੋਲਿਕਾ ਦਹਨ’ ਦੀ ਪਰੰਪਰਾ ਨੂੰ ਸੀਮਤ ਗਿਣਤੀ ਦੇ ਨਾਲ ਕੀਤਾ ਜਾ ਸਕਦਾ ਹੈ। ਭੀੜ ‘ਚ ਲੋਕਾਂ ਨੂੰ ਇਕ-ਦੂਜੇ ਨੂੰ ਰੰਗ ਲਗਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।