ਔਟਵਾ, 12 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਨਵੇਂ ਪਾਸਪੋਰਟ ਦਾ ਡਿਜ਼ਾਈਨ ਚੋਣ ਮੁੱਦਾ ਬਣ ਗਿਆ ਹੈ ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵਰਾ ਨੇ ਵਾਅਦਾ ਕੀਤਾ ਹੈ ਕਿ ਸੱਤਾ ਵਿਚ ਆਉਣ ’ਤੇ ਇਹ ਡਿਜ਼ਾਈਨ ਬਦਲ ਦਿਤਾ ਜਾਵੇਗਾ। ਵਿਰੋਧੀ ਧਿਰ ਦੇ ਆਗੂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਵੇਂ ਪਾਸਪੋਰਟ ’ਤੇ ਆਪਣੀ ਤਸਵੀਰ ਛਾਪਣਾ ਨਹੀਂ ਭੁੱਲੇ ਜਦਕਿ ਜਦਕਿ ਕੈਨੇਡਾ ਦੀਆਂ ਮਹਾਨ ਸ਼ਖਸੀਅਤਾਂ ਨੂੰ ਵਿਸਾਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਲਿਬਰਲ ਸਰਕਾਰ ਵੱਲੋਂ ਤਿਆਰ ਨਵੇਂ ਪਾਸਪੋਰਟ ਵਿਚੋਂ ਮਾਣਮਤੇ ਇਤਿਹਾਸ ਵਾਲੀਆਂ ਤਸਵੀਰਾਂ ਹਟਾ ਕੇ ਇਸ ਨੂੰ ਰੰਗ-ਬਰੰਗੀ ਕਿਤਾਬ ਬਣਾ ਦਿਤਾ ਗਿਆ ਹੈ।