Home ਨਜ਼ਰੀਆ ਪੀਐਮ ਮੋਦੀ ਦੇ ਭਾਸ਼ਣ ‘ਤੇ ਟਿੱਪਣੀ ਲਈ ਸ਼ਸ਼ੀ ਥਰੂਰ ਨੇ ਮੰਗੀ ਮਾਫ਼ੀ

ਪੀਐਮ ਮੋਦੀ ਦੇ ਭਾਸ਼ਣ ‘ਤੇ ਟਿੱਪਣੀ ਲਈ ਸ਼ਸ਼ੀ ਥਰੂਰ ਨੇ ਮੰਗੀ ਮਾਫ਼ੀ

0
ਪੀਐਮ ਮੋਦੀ ਦੇ ਭਾਸ਼ਣ ‘ਤੇ ਟਿੱਪਣੀ ਲਈ ਸ਼ਸ਼ੀ ਥਰੂਰ ਨੇ ਮੰਗੀ ਮਾਫ਼ੀ

ਨਵੀਂ ਦਿੱਲੀ, 27 ਮਾਰਚ (ਹਮਦਰਦ ਨਿਊਜ਼ ਸਰਵਿਸ) : ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੂੰ ਬੰਗਲਾਦੇਸ਼ ‘ਚ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਭਾਸ਼ਣ ‘ਤੇ ਟਿੱਪਣੀ ਕਰਨੀ ਮਹਿੰਗੀ ਪੈ ਗਈ। ਇਸ ਮਗਰੋਂ ਉਨ੍ਹਾਂ ਨੂੰ ਮਾਫ਼ੀ ਵੀ ਮੰਗਣੀ ਪਈ। ਦਰਅਸਲ, ਪ੍ਰਧਾਨ ਮੰਤਰੀ ਨੇ ਬੰਗਲਾਦੇਸ਼ ਦੇ ਸੁਤੰਤਰਤਾ ਦਿਵਸ ਦੀ ਵਰ੍ਹੇਗੰਢ ਅਤੇ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਮੌਕੇ ਆਯੋਜਿਤ ਇਕ ਸਮਾਰੋਹ ਦੌਰਾਨ ਬੋਲਦਿਆਂ ਬੰਗਲਾਦੇਸ਼ ਦੀ ਆਜ਼ਾਦੀ ਲਈ ਇਕ ਸੱਤਿਆਗ੍ਰਹਿ ਕਰਨ ਦੀ ਗੱਲ ਕਹੀ ਸੀ।
ਪੀਐਮ ਮੋਦੀ ਵੱਲੋਂ ਦਿੱਤੇ ਭਾਸ਼ਣ ਦੇ ਇਸ ਹਿੱਸੇ ‘ਤੇ ਸ਼ਸ਼ੀ ਥਰੂਰ ਨੇ ਵਿਰੋਧ ਜਤਾਇਆ, ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਨੇ ਬੰਗਲਾਦੇਸ਼ ਦੀ ਆਜ਼ਾਦੀ ‘ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਯੋਗਦਾਨ ਦਾ ਜ਼ਿਕਰ ਹੀ ਨਹੀਂ ਕੀਤਾ। ਇਸ ‘ਤੇ ਉਨ੍ਹਾਂ ਟਵੀਟ ਕੀਤਾ, “ਹਰ ਕੋਈ ਜਾਣਦਾ ਹੈ ਕਿ ਬੰਗਲਾਦੇਸ਼ ਨੂੰ ਕਿਸ ਨੇ ਆਜ਼ਾਦ ਕਰਵਾਇਆ ਹੈ।”
ਹਾਲਾਂਕਿ ਜਦੋਂ ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਪੀਐਮ ਮੋਦੀ ਨੇ ਇੰਦਰਾ ਗਾਂਧੀ ਦਾ ਜ਼ਿਕਰ ਕੀਤਾ ਸੀ ਤਾਂ ਉਨ੍ਹਾਂ ਤੁਰੰਤ ਆਪਣੇ ਟਵੀਟ ਲਈ ਮਾਫ਼ੀ ਮੰਗੀ। ਉਨ੍ਹਾਂ ਲਿਖਿਆ, “ਮਾਫ਼ ਕਰਨਾ। ਜਦੋਂ ਮੈਂ ਗ਼ਲਤ ਹੁੰਦਾ ਹਾਂ ਤਾਂ ਇਸ ਨੂੰ ਸਵੀਕਾਰ ਕਰਨਾ ਮੈਨੂੰ ਬੁਰਾ ਨਹੀਂ ਲੱਗਦਾ।”
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨੀਂ ਬੰਗਲਾਦੇਸ਼ ਦੌਰੇ ‘ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਕਿਹਾ ਸੀ, “ਬੰਗਲਾਦੇਸ਼ ਦੇ ਆਜ਼ਾਦੀ ਸੰਗਰਾਮ ਦਾ ਸਮਰਥਨ ਭਾਰਤ ਦੇ ਹਰ ਕੋਨੇ ਤੋਂ, ਹਰ ਪਾਰਟੀ ਤੋਂ, ਸਮਾਜ ਦੇ ਹਰ ਵਰਗ ਤੋਂ ਕੀਤਾ ਗਿਆ ਸੀ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਯਤਨਾਂ ਅਤੇ ਉਨ੍ਹਾਂ ਦੀ ਮਹੱਤਵਪੂਰਣ ਭੂਮਿਕਾ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ। ਇਸ ਦੇ ਨਾਲ ਹੀ 6 ਦਸੰਬਰ 1971 ਨੂੰ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਕਿ ਅਸੀਂ ਸਿਰਫ ਉਨ੍ਹਾਂ ਲਈ ਨਹੀਂ ਲੜ ਰਹੇ ਜਿਨ੍ਹਾਂ ਨੇ ਆਜ਼ਾਦੀ ਸੰਗਰਾਮ ‘ਚ ਆਪਣੀ ਜਾਨ ਕੁਰਬਾਨ ਕੀਤੀ, ਅਸੀਂ ਇਤਿਹਾਸ ਨੂੰ ਇਕ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ।”
ਪੀਐਮ ਮੋਦੀ ਨੇ ਕਿਹਾ ਸੀ, “ਮੇਰੀ ਉਮਰ 20-22 ਸਾਲ ਹੋਵੇਗੀ ਜਦੋਂ ਮੈਂ ਅਤੇ ਮੇਰੇ ਕਈ ਸਾਥੀਆਂ ਨੇ ਬੰਗਲਾਦੇਸ਼ ਦੇ ਲੋਕਾਂ ਦੀ ਆਜ਼ਾਦੀ ਲਈ ਸੱਤਿਆਗ੍ਰਹਿ ਕੀਤਾ ਸੀ। ਮੈਂ ਆਜ਼ਾਦੀ ਦੇ ਹੱਕ ‘ਚ ਗ੍ਰਿਫ਼ਤਾਰੀ ਦਿੱਤੀ ਅਤੇ ਜੇਲ੍ਹ ਜਾਣ ਦਾ ਮੌਕਾ ਵੀ ਆਇਆ। ਮੈਂ ਬੰਗਲਾਦੇਸ਼ ਦੇ ਆਪਣੇ ਭਰਾਵਾਂ ਅਤੇ ਭੈਣਾਂ, ਇੱਥੋਂ ਦੀ ਨੌਜਵਾਨ ਪੀੜ੍ਹੀ ਨੂੰ ਬਹੁਤ ਮਾਣ ਨਾਲ ਇੱਕ ਹੋਰ ਗੱਲ ਯਾਦ ਕਰਾਉਣਾ ਚਾਹਾਂਗਾ। ਬੰਗਲਾਦੇਸ਼ ਦੀ ਆਜ਼ਾਦੀ ਦੇ ਸੰਘਰਸ਼ ‘ਚ ਸ਼ਾਮਲ ਹੋਣਾ ਮੇਰੀ ਜ਼ਿੰਦਗੀ ਦੀ ਪਹਿਲੀ ਲਹਿਰ ‘ਚੋਂ ਇਕ ਸੀ।”