ਪੀਐਮ ਮੋਦੀ ਨੇ ਗਰੀਬਾਂ ਲਈ 115 ਯੋਜਨਾਵਾਂ ਬਣਾਈਆਂ, ਪਰ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ ਲੁੱਟਣ ਲਈ 115 ਘੁਟਾਲੇ ਕੀਤੇ : ਅਮਿਤ ਸ਼ਾਹ

ਕੋਲਕਾਤਾ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਪੱਛਮੀ ਬੰਗਾਲ ਦੇ ਗੋਸਾਬਾ ‘ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ ਦੀ ਸ਼ੁਰੂਆਤ ‘ਚ ਅਮਿਤ ਸ਼ਾਹ ਨੇ ਸ਼ਹੀਦੀ ਦਿਵਸ ਮੌਕੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਦੇ ਵਿਕਾਸ ਲਈ 115 ਯੋਜਨਾਵਾਂ ਬਣਾਈਆਂ, ਪਰ ਇੱਥੇ ਮਮਤਾ ਦੀਦੀ ਨੇ ਗਰੀਬਾਂ ਨੂੰ ਲੁੱਟਣ ਲਈ 115 ਘੁਟਾਲੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਮਮਤਾ ਦੀਦੀ ਆਪਣੇ ਭਤੀਜੇ ਨੂੰ ਮੁੱਖ ਮੰਤਰੀ ਬਣਾਉਣ ਲਈ ਲੱਗੀ ਹੋਈ ਹੈ, ਜਦਕਿ ਮੋਦੀ ਜੀ ਤੁਹਾਡੇ ਵਿਕਾਸ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਗਰੀਬਾਂ ਦੇ ਹੱਕ ਦਾ ਪੈਸਾ ਕੱਟ ਮਨੀ ਵਾਲੇ ਲੈ ਜਾਂਦੇ ਹਨ। ਇਸ ਨੂੰ ਬੰਦ ਕਰਨ ਦਾ ਕੰਮ ਭਾਜਪਾ ਸਰਕਾਰ ਕਰੇਗੀ। ਉਨ੍ਹਾਂ ਕਿਹਾ ਕਿ ਜੇ ਭਾਜਪਾ ਦੀ ਸਰਕਾਰ ਬੰਗਾਲ ‘ਚ ਆਈ ਤਾਂ ਸੀਏਏ ਲਾਗੂ ਕੀਤਾ ਜਾਵੇਗਾ। ਅੱਜ ਬੰਗਾਲ ਦੀ ਧਰਤੀ ਤੋਲਾਬਾਜ਼ੀ, ਭ੍ਰਿਸ਼ਟਾਚਾਰ ਦਾ ਅੱਡਾ ਬਣ ਗਈ ਹੈ। ਸਾਡੀ ਸਰਕਾਰ ਬਣਨ ਤੋਂ ਬਾਅਦ ਪੂਰੇ ਸੂਬੇ ‘ਚ 2 ਸਾਲ ਅੰਦਰ ਪੀਣ ਵਾਲੇ ਪਾਣੀ ਦਾ ਟੂਟੀ ਕੁਨੈਕਸ਼ਨ ਘਰ-ਘਰ ਤਕ ਪਹੁੰਚਾਇਆ ਜਾਵੇਗਾ।
ਅਮਿਤ ਸ਼ਾਹ ਨੇ ਕਿਹਾ ਕਿ ਸਾਡੀ ਸਰਕਾਰ ਸੁੰਦਰਬਨ ਵਿਕਾਸ ਬੋਰਡ ਸਥਾਪਤ ਕਰੇਗੀ ਅਤੇ ਇਥੋਂ ਦੇ ਵਿਕਾਸ ਨੂੰ ਅੱਗੇ ਵਧਾਏਗੀ। ਜਦੋਂ ਅਮਫ਼ਾਨ ਆਇਆ ਤਾਂ ਮੋਦੀ ਜੀ ਨੇ 10 ਹਜ਼ਾਰ ਕਰੋੜ ਰੁਪਏ ਭੇਜੇ, ਪਰ ਉਸ ਨੂੰ ‘ਭਤੀਜਾ ਐਂਡ ਕੰਪਨੀ’ ਖਾ ਗਈ। ਸੁੰਦਰਬਨ ‘ਚ ਸਾਡੀ ਸਰਕਾਰ ਏਮਜ਼ ਦਾ ਨਿਰਮਾਣ ਕਰੇਗੀ। ਨਾਲ ਹੀ ਇਕ ਸੈਰ-ਸਪਾਟਾ ਕੇਂਦਰ ਵੀ ਬਣਾਏਗੀ।

Video Ad

ਸੁੰਦਰਬਨ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਕੀਤਾ
ਅਮਿਤ ਸ਼ਾਹ ਨੇ ਮਮਤਾ ਬੈਨਰਜੀ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਆਪਣੇ 282 ‘ਚੋਂ 82 ਵਾਅਦੇ ਵੀ ਪੂਰੇ ਨਾ ਕੀਤੇ। ਦੀਦੀ ਲੋਕਾਂ ਨੂੰ ਆਪਣਾ ਹਿਸਾਬ ਨਹੀਂ ਦਿੰਦੀ, ਪਰ ਇਸ ਵਾਰ ਤੁਸੀਂ ਤ੍ਰਿਣਮੂਲ ਦਾ ਹਿਸਾਬ ਕਰ ਦਿਓ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਅਸੀਂ ਉਸੇ ਸਾਲ ਸੁੰਦਰਬਨ ਨੂੰ ਜ਼ਿਲ੍ਹਾ ਬਣਾ ਦੇਣਗੇ।

ਬੰਗਾਲ ‘ਚ 8 ਗੇੜ ‘ਚ ਪੈਣਗੀਆਂ ਵੋਟਾਂ
ਪੱਛਮੀ ਬੰਗਾਲ ‘ਚ 8 ਗੇੜ ‘ਚ ਵੋਟਿੰਗ ਹੋਵੇਗੀ। 294 ਸੀਟਾਂ ਵਾਲੀ ਵਿਧਾਨ ਸਭਾ ਲਈ ਵੋਟਿੰਗ 27 ਮਾਰਚ (30 ਸੀਟਾਂ), 1 ਅਪ੍ਰੈਲ (30 ਸੀਟਾਂ), 6 ਅਪ੍ਰੈਲ (31 ਸੀਟਾਂ), 10 ਅਪ੍ਰੈਲ (44 ਸੀਟਾਂ), 17 ਅਪ੍ਰੈਲ (45 ਸੀਟਾਂ), 22 ਅਪ੍ਰੈਲ (43 ਸੀਟਾਂ), 26 ਅਪ੍ਰੈਲ (36 ਸੀਟਾਂ), 29 ਅਪ੍ਰੈਲ (35 ਸੀਟਾਂ) ‘ਤੇ ਹੋਣੀਆਂ ਹਨ। 2 ਮਈ ਨੂੰ ਨਤੀਜੇ ਆਉਣਗੇ।

Video Ad