Home ਭਾਰਤ ਪੀਐਮ ਮੋਦੀ ਵਿਰੁੱਧ ਚੋਣ ਕਮਿਸ਼ਨ ਨੂੰ ਟੀਐਮਸੀ ਨੇ ਕੀਤੀ ਸ਼ਿਕਾਇਤ, ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਗਾਇਆ

ਪੀਐਮ ਮੋਦੀ ਵਿਰੁੱਧ ਚੋਣ ਕਮਿਸ਼ਨ ਨੂੰ ਟੀਐਮਸੀ ਨੇ ਕੀਤੀ ਸ਼ਿਕਾਇਤ, ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਗਾਇਆ

0
ਪੀਐਮ ਮੋਦੀ ਵਿਰੁੱਧ ਚੋਣ ਕਮਿਸ਼ਨ ਨੂੰ ਟੀਐਮਸੀ ਨੇ ਕੀਤੀ ਸ਼ਿਕਾਇਤ, ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਗਾਇਆ

ਕੋਲਕਾਤਾ, 30 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮ ਬੰਗਾਲ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਲਈ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਤ੍ਰਿਣਮੂਲ ਨੇ ਪੀਐਮ ਮੋਦੀ ਦੀ ਬੰਗਲਾਦੇਸ਼ ਫੇਰੀ ਦੌਰਾਨ ਕੀਤੇ ਕੁਝ ਕੰਮਾਂ ਅਤੇ ਘੋਸ਼ਣਾਵਾਂ ਦਾ ਜ਼ਿਕਰ ਕਰਦਿਆਂ ਇਸ ਨੂੰ ਲੋਕਤੰਤਰੀ ਕਦਰਾਂ-ਕੀਮਤਾਂ ਦੇ ਵਿਰੁੱਧ ਦੱਸਿਆ ਹੈ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਵੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਸੀ। ਮਮਤਾ ਨੇ ਕਿਹਾ ਸੀ ਕਿ ਸੂਬੇ ‘ਚ ਚੋਣਾਂ ਹੋ ਰਹੀਆਂ ਹਨ ਅਤੇ ਪ੍ਰਧਾਨ ਮੰਤਰੀ ਬੰਗਲਾਦੇਸ਼ ‘ਚ ਬੰਗਾਲ ਬਾਰੇ ਭਾਸ਼ਣ ਦੇ ਰਹੇ ਹਨ।
ਟੀਐਮਸੀ ਵੱਲੋਂ ਚੋਣ ਕਮਿਸ਼ਨ ਨੂੰ ਲਿਖੀ ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ 2 ਦਿਨਾਂ ਦੌਰੇ ਦੌਰਾਨ ਸਾਨੂੰ 27 ਮਾਰਚ ਦੇ ਪ੍ਰੋਗਰਾਮ ‘ਤੇ ਇਤਰਾਜ਼ ਹੈ। ਇਨ੍ਹਾਂ ਪ੍ਰੋਗਰਾਮਾਂ ਦਾ ਬੰਗਬੰਧੂ ਜਯੰਤੀ ਪ੍ਰੋਗਰਾਮ ਨਾਲ ਕੋਈ ਲੈਣਾ-ਦੇਣਾ ਨਹੀਂ ਸੀ. ਪ੍ਰਧਾਨ ਮੰਤਰੀ ਦੀ ਫੇਰੀ ਦੇ ਦੂਜੇ ਦਿਨ ਦੇ ਪ੍ਰੋਗਰਾਮ ਇਸ ਤਰੀਕੇ ਨਾਲ ਆਯੋਜਿਤ ਕੀਤੇ ਗਏ ਸਨ ਕਿ ਇਸ ਨਾਲ ਪੱਛਮੀ ਬੰਗਾਲ ਦੇ ਕਿਸੇ ਵਿਸ਼ੇਸ਼ ਭਾਈਚਾਰੇ ਦੇ ਵੋਟ ਪਾਉਣ ਦੇ ਤਰੀਕੇ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ।
ਟੀਐਮਸੀ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ‘ਚ ਕਿਹਾ ਹੈ ਕਿ ਪੀਐਮ ਮੋਦੀ ਨੂੰ 26-27 ਮਾਰਚ ਨੂੰ ਬੰਗਲਾਦੇਸ਼ ਦਾ ਦੌਰਾ ਕਰਨ ਲਈ ਬੁਲਾਇਆ ਗਿਆ ਸੀ। ਉਨ੍ਹਾਂ ਨੂੰ ਬੰਗਲਾਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਅਤੇ ‘ਬੰਗਬੰਧੂ’ ਸ਼ੇਖ ਮੁਜਬੀਰ ਰਹਿਮਾਨ ਦੀ ਜਨਮ ਸ਼ਤਾਬਦੀ ਸਮਾਗਮ ਲਈ ਬੁਲਾਇਆ ਗਿਆ ਸੀ। ਟੀਐਮਸੀ ਨੇ ਚੋਣ ਕਮਿਸ਼ਨ ਨੂੰ ਭੇਜੀ ਇੱਕ ਚਿੱਠੀ ‘ਚ ਕਿਹਾ, “ਪੀਐਮ ਮੋਦੀ ਦੇ ਅਧਿਕਾਰਤ ਦੌਰੇ ਨੂੰ ਲੈ ਕੇ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਕਿਉਂਕਿ ਬੰਗਲਾਦੇਸ਼ ਦੀ ਵੰਡ ‘ਚ ਭਾਰਤ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਹਾਲਾਂਕਿ ਟੀਐਮਸੀ ਨੂੰ ਪੀਐਮ ਮੋਦੀ ਦੇ ਬੰਗਲਾਦੇਸ਼ ‘ਚ 27 ਮਾਰਚ ਦੇ ਪ੍ਰੋਗਰਾਮਾਂ ‘ਤੇ ਇਤਰਾਜ਼ ਹੈ। ਉਨ੍ਹਾਂ ਦਾ ਬੰਗਲਾਦੇਸ਼ ਦੇ 50ਵੇਂ ਆਜ਼ਾਦੀ ਦਿਹਾੜੇ ਜਾਂ ਬੰਗਬੰਧੂ ਦੀ ਜਨਮ ਸ਼ਤਾਬਦੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਸਗੋਂ ਇਸ ਦਾ ਇਰਾਦਾ ਪੱਛਮੀ ਬੰਗਾਲ ਵਿਧਾਨ ਸਭਾ ਲਈ ਚੱਲ ਰਹੀਆਂ ਚੋਣਾਂ ਸਬੰਧੀ ਕੁਝ ਵਿਧਾਨ ਸਭਾ ਹਲਕਿਆਂ ਦੇ ਵੋਟਿੰਗ ਪੈਟਰਨ ਨੂੰ ਪ੍ਰਭਾਵਿਤ ਕਰਨਾ ਹੈ।”
ਚਿੱਠੀ ‘ਚ ਅੱਗੇ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੂੰ ਅਜਿਹੀਆਂ ਅਨੈਤਿਕ ਅਤੇ ਗੈਰ-ਲੋਕਤੰਤਰੀ ਕਾਰਵਾਈਆਂ ‘ਚ ਸ਼ਾਮਲ ਨਹੀਂ ਹੋਣਾ ਚਾਹੀਦਾ ਅਤੇ ਇਹ ਅਸਿੱਧੇ ਤੌਰ ‘ਤੇ ਪਾਰਟੀ ਲਈ ਵਿਦੇਸ਼ੀ ਧਰਤੀ ਤੋਂ ਚੋਣ ਪ੍ਰਚਾਰ ਹੈ, ਜੋ ਚੋਣ ਜ਼ਾਬਤੇ ਦੀ ਉਲੰਘਣਾ ਹੈ। ਪਾਰਟੀ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ 27 ਮਾਰਚ ਨੂੰ ਬੰਗਲਾਦੇਸ਼ ‘ਚ ਪ੍ਰਧਾਨ ਮੰਤਰੀ ਦੀ ਓਰਕੰਡੀ ਦੀ ਯਾਤਰਾ ਸਿਆਸੀ ਉਦੇਸ਼ ਲਈ ਕੀਤੀ ਗਈ ਸੀ, ਕਿਉਂਕਿ ਉਸ ਦੌਰੇ ਸਮੇਂ ਪ੍ਰਧਾਨ ਮੰਤਰੀ ਦੇ ਨਾਲ ਭਾਜਪਾ ਦੇ ਸੰਸਦ ਮੈਂਬਰ ਸ਼ਾਂਤਨੂੰ ਠਾਕੁਰ ਵੀ ਮੌਜੂਦ ਸਨ।
ਮਹੱਤਵਪੂਰਣ ਗੱਲ ਇਹ ਹੈ ਕਿ ਪੀਐਮ ਮੋਦੀ 27 ਮਾਰਚ ਨੂੰ ਬੰਗਲਾਦੇਸ਼ ਦੇ ਓਰਕੰਡੀ ਗਏ ਸਨ। ਉਸ ਦੌਰਾਨ ਜਦੋਂ ਉਹ ਮੰਦਰ ਗਏ ਸਨ ਤਾਂ ਉਹ ਮਤੂਆ ਭਾਈਚਾਰੇ ਦੇ ਲੋਕਾਂ ਨੂੰ ਵੀ ਮਿਲੇ ਸਨ। ਮੰਨਿਆ ਜਾਂਦਾ ਹੈ ਕਿ ਮਤੂਆ ਭਾਈਚਾਰੇ ਦਾ ਬੰਗਾਲ ਦੇ ਲਗਭਗ 40 ਵਿਧਾਨ ਸਭਾ ਹਲਕਿਆਂ ‘ਤੇ ਅਸਰ ਪਵੇਗਾ।