Home ਕੈਨੇਡਾ ਪੀਲ ਰਿਜਨ ਦੇ ਸਕੂਲ 2 ਹਫਤਿਆਂ ਲਈ ਕੀਤੇ ਗਏ ਬੰਦ

ਪੀਲ ਰਿਜਨ ਦੇ ਸਕੂਲ 2 ਹਫਤਿਆਂ ਲਈ ਕੀਤੇ ਗਏ ਬੰਦ

0
ਪੀਲ ਰਿਜਨ ਦੇ ਸਕੂਲ 2 ਹਫਤਿਆਂ ਲਈ ਕੀਤੇ ਗਏ ਬੰਦ

ਬਰੈਂਪਟਨ : ਬੀਤੇ ਦਿਨੀ ਓਨਾਟਰੀਓ ਦੇ ਅਧਿਆਪਕਾਂ ਵੱਲੋਂ ਸੂਬਾ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਸੀ ਕਿ ਜਾਂ ਤਾਂ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਵੈਕਸੀਨ ਲਗਾਈ ਜਾਏ ਨਹੀਂ ਫਿਰ ਔਨਲਾਈਨ ਪੜਾਈ ਵੱਲ ਰੁੱਖ ਕੀਤਾ ਜਾਏ। ਤੇ ਅੱਜ ਸੋਮਵਾਰ ਨੂੰ ਜਾਣਕਾਰੀ ਮਿਲੀ ਹੈ ਉਸ ਅਨੁਸਾਰ ਪੀਲ ਜਨਤਕ ਸਿਹਤ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੀਲ ਰਿਜਨ ਦੇ ਸਾਰੇ ਸਕੂਲ ਮੰਗਲਵਾਰ ਤੋਂ ਅਗਲੇ 2 ਹਫਤਿਆਂ ਲਈ ਬੰਦ ਕੀਤੇ ਜਾ ਰਹੇ ਹਨ। ਇਸ ਕਾਰਨ ਪ੍ਰਭਾਵਿਤ ਹੋਣ ਵਾਲੇ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਦੇ ਵਿਦਿਆਰਥੀਆਂ ਨੂੰ ਰਿਮੋਟ ਲਰਨਿੰਗ ਨਾਲ ਜੋੜਿਆ ਜਾਏਗਾ।

ਪੀਲ ਦੇ ਸਿਹਤ ਅਫਸਰ ਡਾ. ਲਾਅਰੈਂਸ ਲੋਹ ਦਾ ਕਹਿਣਾ ਸੀ ਕਿ ਪੀਲ ਰਿਜਨ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੂੰ ਸੁਰੱਖਿਅਤ ਰੱਖਣ ਲਈ ਇਹ ਕਦਮ ਚੁੱਕਣਾ ਜ਼ਰੂਰੀ ਸੀ। ਡਾ. ਲੋਹ ਨੇ ਕਿਹਾ ਕਿ ਸੂਬੇ ਵਿੱਚ ਵੱਧ ਰਹੇ ਕਰੋਨਾ ਦੇ ਮਾਮਲਿਆਂ ਅਤੇ ਨਵੇਂ ਵੈਰੀਐਂਟ ਤੇ ਠੱਲ ਪਾਉਣ ਲਈ ਇਸ ਦੀ ਚੇਨ ਨੂੰ ਤੋੜਨਾ ਜ਼ਰੂਰੀ ਹੈ ਅਤੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣਾ ਸਾਡੀ ਪ੍ਰਮੁੱਖਤਾ ਵਿੱਚੋਂ ਇੱਕ ਹੈ। ਉਹਨਾਂ ਨੇੁ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਮਾਪਿਆਂ ਲਈ ਇਹ ਬਹੁਤ ਹੀ ਚੁਣੌਤੀਪੂਰਣ ਹੋ ਰਿਹਾ ਹੈ ਪਰ ਅਸੀਂ ਉਹਨਾਂ ਦੇ ਬਲੀਦਾਨ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ , ਜੋ ਉਹ ਕਰੋਨਾਵਾਇਰਸ ਦੇ ਫੈਲਾਅ ਨੂੰ ਰਕਣ ਲਈ ਸਾਡਾ ਸਹਿਯੋਗ ਕਰ ਰਹੇ ਹਨ। ਦੱਸ ਦਈਏ ਕਿ ਪੀਲ ਬੋਰਡ ਦੇ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟਾਰੀਓ ਵੱਲੋਂ ਸਖਤੀ ਦਿਖਾਉਣ ਤੋਂ ਬਾਅਦ ਲਿਆ ਗਿਆ ਹੈ। ਯੂਨੀਅਨ ਨੇ ਫੋਰਡ ਸਰਕਾਰ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਜ਼ਰੂਰੀ ਕਾਮਿਆਂ ਦੇ ਵੈਕਸੀਨ ਲਗਾਉਣ ਦਾ ਕੰਮ ਛੇਤੀ ਤੋਂ ਛੇਤੀ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਅਧਿਆਪਕਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।