ਪੁਰਾਣੇ ਵਾਹਨਾਂ ਦੀ ਆਰ.ਸੀ. ਰੀਨਿਊ ਕਰਵਾਉਣ ਪਵੇਗੀ ਮਹਿੰਗੀ

ਨਵੀਂ ਦਿੱਲੀ, 18 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੈਟਰੋਲ-ਡੀਜਲ ਤੇ ਗੈਸ ਸਿਲੰਡਰ ਦੀਆਂ ਕੀਮਤਾਂ ਨੇ ਪਹਿਲਾਂ ਹੀ ਆਮ ਆਦਮੀ ਦਾ ਬੁਰਾ ਹਾਲ ਕੀਤਾ ਹੋਇਆ ਹੈ। ਅਜਿਹੇ ‘ਚ ਆਉਣ ਵਾਲੇ ਕੁਝ ਮਹੀਨਿਆਂ ‘ਚ ਮਹਿੰਗਾਈ ਦੀ ਇਕ ਹੋਰ ਕਰਾਰੀ ਮਾਰ ਪੈਣ ਜਾ ਰਹੀ ਹੈ। ਦਰਅਸਲ, ਕੇਂਦਰ ਸਰਕਾਰ 15 ਸਾਲ ਤੋਂ ਵੱਧ ਪੁਰਾਣੇ ਵਾਹਨਾਂ ਦੇ ਰਜਿਸਟਰੀ ਸਰਟੀਫਿਕੇਟ (ਆਰ.ਸੀ.), ਫਿਟਨੈਸ ਚਾਰਜ ਆਦਿ ਦੇ ਰੀਨਿਊ (ਨਵੀਨੀਕਰਣ) ਫੀਸ ਵਧਾਉਣ ਦੀ ਤਿਆਰੀ ਕਰ ਰਹੀ ਹੈ। ਅਕਤੂਬਰ 2021 ਤੋਂ 15 ਸਾਲਾਂ ਤੋਂ ਪੁਰਾਣੀ ਕਾਰਾਂ/ਮੋਟਰਸਾਈਕਲਾਂ ਦਾ ਆਰ.ਸੀ. ਨਵੀਨੀਕਰਣ 8 ਗੁਣਾ ਵੱਧ ਮਹਿੰਗਾ ਹੋ ਜਾਵੇਗਾ।
ਇਹ ਕਦਮ ਪੁਰਾਣੇ ਵਾਹਨਾਂ ਦੀ ਵਰਤੋਂ ਨੂੰ ਰੋਕਣ ਅਤੇ ਸਕ੍ਰੈਪਿੰਗ ਨੀਤੀ ਨੂੰ ਉਤਸ਼ਾਹਤ ਕਰਨ ਲਈ ਚੁੱਕਿਆ ਜਾ ਰਿਹਾ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਸੋਧ ਨਿਯਮ-2021 ਲਈ ਇਕ ਡਰਾਫ਼ਟ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਇਸ ਦੇ ਅਨੁਸਾਰ 15 ਸਾਲ ਪੁਰਾਣੇ ਵਾਹਨਾਂ ਲਈ ਰਜਿਸਟ੍ਰੇਸ਼ਨ ਨਵੀਨੀਕਰਣ ਅਤੇ ਫਿਟਨੈਸ ਸਰਟੀਫ਼ਿਕੇਟ ਚਾਰਜ ‘ਚ ਭਾਰੀ ਵਾਧਾ ਕੀਤਾ ਜਾਵੇਗਾ।
ਜੇ ਅਕਤੂਬਰ ਮਹੀਨੇ ਤੋਂ ਇਹ ਨਿਯਮ ਲਾਗੂ ਹੋ ਜਾਂਦਾ ਹੈ ਤਾਂ ਤੁਹਾਨੂੰ ਕਾਰ ਦੀ ਆਰ.ਸੀ. ਦੇ ਨਵੀਨੀਕਰਣ ਲਈ 5000 ਰੁਪਏ ਦੇਣੇ ਪੈਣਗੇ। ਜੋ ਇਸ ਸਮੇਂ ਅਦਾ ਕੀਤੀ ਜਾ ਰਹੀ ਫੀਸ ਨਾਲੋਂ 8 ਗੁਣਾ ਵੱਧ ਹੈ। ਇਸ ਦੇ ਨਾਲ ਹੀ ਤੁਹਾਨੂੰ ਮੋਟਰਸਾਈਕਲ ਦੀ ਆਰ.ਸੀ. ਨਵੀਨੀਕਰਨ ਲਈ 300 ਰੁਪਏ ਦੀ ਥਾਂ 1000 ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਜੇ ਤੁਹਾਡੇ ਕੋਲ 15 ਸਾਲ ਪੁਰਾਣਾ ਟਰੱਕ ਜਾਂ ਬੱਸ ਹੈ ਤਾਂ ਤੁਹਾਨੂੰ ਇਸ ਦੇ ਨਵੀਨੀਕਰਣ ਸਰਟੀਫ਼ਿਕੇਟ ਲਈ 12,500 ਰੁਪਏ ਦੇਣੇ ਪੈਣਗੇ, ਜੋ ਇਸ ਸਮੇਂ ਦਿੱਤੀ ਜਾ ਰਹੀ ਕੀਮਤ ਨਾਲੋਂ 21 ਗੁਣਾ ਜ਼ਿਆਦਾ ਹੈ।
ਸੜਕ ਆਵਾਜਾਈ ਮੰਤਰਾਲੇ ਨੇ ਇਸ ਵਾਧੇ ਨਾਲ ਸਬੰਧਤ ਇਕ ਡਰਾਫ਼ਟ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫ਼ਿਕੇਸ਼ਨ ਦੇ ਅਨੁਸਾਰ ਜੇ ਤੁਸੀਂ ਆਪਣੇ ਨਿੱਜੀ ਵਾਹਨ ਦੀ ਰਜਿਸਟ੍ਰੇਸ਼ਨ ‘ਚ ਦੇਰੀ ਕਰਦੇ ਹੋ ਤਾਂ ਤੁਹਾਨੂੰ ਹਰ ਮਹੀਨੇ 300 ਤੋਂ 500 ਰੁਪਏ ਤਕ ਦਾ ਜੁਰਮਾਨਾ ਭਰਨਾ ਪਵੇਗਾ। ਇਹ ਵੇਖਣਾ ਬਾਕੀ ਹੈ ਕਿ ਕੀ ਸਰਕਾਰ ਇਸ ਪ੍ਰਸਤਾਵਿਤ ਵਾਧੇ ਤੋਂ ਇਲੈਕਟ੍ਰਿਕ ਅਤੇ ਵਿਕਲਪਕ ਬਾਲਣ ਤੇ ਚੱਲਣ ਵਾਲੇ ਪੁਰਾਣੇ ਵਾਹਨਾਂ ਨੂੰ ਛੋਟ ਦੇਵੇਗੀ।

Video Ad
Video Ad