ਪੁਲਵਾਮਾ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, 4 ਅੱਤਵਾਦੀ ਢੇਰ

ਨਵੀਂ ਦਿੱਲੀ, 2 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਕਾਕਾਪੋਰਾ ਇਲਾਕੇ ‘ਚ ਸੁਰੱਖਿਆ ਬਲਾਂ ਨੇ 4 ਅੱਤਵਾਦੀਆਂ ਨੂੰ ਮਾਰ ਦਿੱਤਾ। ਮੁਕਾਬਲਾ ਲਗਭਗ 6 ਘੰਟੇ ਚੱਲਿਆ। ਪਹਿਲਾਂ ਇਹ ਖ਼ਬਰ ਆਈ ਸੀ ਕਿ ਇੱਕ ਅੱਤਵਾਦੀ ਮਾਰਿਆ ਗਿਆ ਹੈ, ਜਦਕਿ ਦੋ ਅੱਤਵਾਦੀਆਂ ਨੂੰ ਘੇਰ ਲਿਆ ਗਿਆ। ਪਰ ਬਾਅਦ ‘ਚ ਸੁਰੱਖਿਆ ਬਲਾਂ ਨੇ ਉਸ ਘਰ ਨੂੰ ਹੀ ਆਈਈਡੀ ਨਾਲ ਉਡਾ ਦਿੱਤਾ, ਜਿਸ ‘ਚ ਅੱਤਵਾਦੀ ਲੁਕੇ ਹੋਏ ਸਨ। ਮੌਕੇ ਤੋਂ 4 ਅੱਤਵਾਦੀਆਂ ਦੀਆਂ ਲਾਸ਼ਾਂ ਅਤੇ 3 ਹਥਿਆਰ ਬਰਾਮਦ ਕੀਤੇ ਗਏ ਹਨ।

Video Ad

ਮੀਡੀਆ ਰਿਪੋਰਟਾਂ ਅਨੁਸਾਰ ਕੁਝ ਸਥਾਨਕ ਲੋਕਾਂ ਨੇ ਇਸ ਮੁਕਾਬਲੇ ਤੋਂ ਬਾਅਦ ਸੁਰੱਖਿਆ ਬਲਾਂ ਦਾ ਵਿਰੋਧ ਕੀਤਾ। ਉਨ੍ਹਾਂ ਨੂੰ ਕਾਬੂ ਕਰਨ ਲਈ ਜਵਾਨਾਂ ਨੂੰ ਕਾਰਵਾਈ ਕਰਨੀ ਪਈ, ਜਿਸ ‘ਚ 2 ਲੋਕ ਜ਼ਖ਼ਮੀ ਹੋ ਗਏ। ਸ਼ੁੱਕਰਵਾਰ ਤੜਕੇ ਕਾਕਾਪੋਰਾ ਦੇ ਪਿੰਡ ਸੰਬੋਰਾ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ ਸੀ। ਜਦੋਂ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ‘ਤੇ ਸੁਰੱਖਿਆ ਬਲਾਂ ਨੂੰ ਜਵਾਬੀ ਕਾਰਵਾਈ ਕਰਨੀ ਪਈ।

ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ (29 ਮਾਰਚ) ਨੂੰ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ ‘ਚ ਸਿਟੀ ਕੌਂਸਲ ਦੇ ਦਫ਼ਤਰ ਉੱਤੇ ਗੋਲੀਆਂ ਚਲਾਈਆਂ। ਹਮਲੇ ਸਮੇਂ ਦਫ਼ਤਰ ‘ਚ ਕੌਂਸਲਰ ਮੀਟਿੰਗ ਕਰ ਰਹੇ ਸਨ। ਗੋਲੀ ਲੱਗਣ ਕਾਰਨ ਕੌਂਸਲਰ ਰਿਆਜ਼ ਅਹਿਮਦ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕੌਂਸਲਰ ਸ਼ਮਸੂਦੀਨ ਜ਼ਖ਼ਮੀ ਹੋ ਗਿਆ। ਇਸ ਹਮਲੇ ‘ਚ ਇੱਕ ਪੁਲਿਸ ਮੁਲਾਜ਼ਮ ਸ਼ਫਾਕਤ ਅਹਿਮਦ ਵੀ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ ਸੀ। ਉੱਥੇ ਹੀ ਐਤਵਾਰ ਨੂੰ ਅਨੰਤਨਾਗ ‘ਚ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ (ਸੀਆਰਪੀਐਫ) ਦੇ ਬੰਕਰ ‘ਤੇ ਇਕ ਗ੍ਰੇਨੇਡ ਹਮਲਾ ਕੀਤਾ ਸੀ, ਪਰ ਇਹ ਸੜਕ ‘ਤੇ ਡਿੱਗ ਗਿਆ, ਜਿਸ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਐਤਵਾਰ ਸ਼ਾਮ ਨੂੰ 7 ਵਜੇ ਦੇ ਕਰੀਬ ਅਨੰਤਨਾਗ ਦੇ ਸੰਗਮ ਇਲਾਕੇ ‘ਚ ਵਾਪਰੀ।

ਪਿਛਲੇ ਮਹੀਨੇ ਦੀ ਸ਼ੁਰੂਆਤ ‘ਚ ਇੱਕ ਅੱਤਵਾਦੀ ਨੇ ਸ੍ਰੀਨਗਰ ‘ਚ ਇੱਕ ਪੁਲਿਸ ਪਾਰਟੀ ਉੱਤੇ ਗੋਲੀਆਂ ਚਲਾਈਆਂ ਸਨ। ਇਸ ‘ਚ 2 ਜਵਾਨ ਸ਼ਹੀਦ ਹੋਏ ਸਨ। ਇਹ ਘਟਨਾ ਬਾਗਤ ਖੇਤਰ ਦੇ ਬਰਜੁੱਲਾ ਵਿਖੇ ਵਾਪਰੀ ਸੀ। ਹਮਲਾ ਇਕ ਦੁਕਾਨ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋਇਆ ਸੀ।

Video Ad