ਪੁਲਿਸ ਨੇ ਕੋਲੋਰਾਡੋ ਸੁਪਰਮਾਰਕਿਟ ਵਿਚ ਗੋਲੀਬਾਰੀ ਕਰਨ ਵਾਲੇ ਸ਼ੱਕੀ ਦੀ ਪਛਾਣ ਕੀਤੀ

ਕੋਲੋਰਾਡੋ, 24 ਮਾਰਚ, ਹ.ਬ. : ਪੁਲਿਸ ਨੇ ਕੋਲੋਰਾਡੋ ਦੇ ਬੋਲਡਰ ਵਿਚ ਦਸ ਲੋਕਾਂ ਦੀ ਹੱਤਿਆ ਦੇ ਮਾਮਲੇ ਵਿਚ 21 ਸਾਲਾ ਵਿਅਕਤੀ ਦੀ ਸ਼ੱਕੀ ਦੇ ਰੂਪ ਵਿਚ ਪਛਾਣ ਕੀਤੀ ਹੈ। ਅਧਿਕਾਰੀਆਂ ਨੇ 9 ਮ੍ਰਿਤਕਾਂ ਦੀ ਸ਼ਨਾਖਤ ਵੀ ਕੀਤੀ ਹੈ। ਉਸ ਤੋਂ ਪਹਿਲਾਂ ਮ੍ਰਿਤਕ ਦੇ ਰੂਪ ਵਿਚ ਇੱਕ ਪੁਲਿਸ ਅਧਿਕਾਰੀ ਦੀ ਪਛਾਣ ਕੀਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਮਾਰੇ ਗਏ ਲੋਕ 20 ਸਾਲ ਤੋਂ ਲੈ ਕੇ 65 ਸਾਲ ਦੇ  ਪੁਰਸ਼ ਤੇ ਮਹਿਲਾਵਾਂ ਹਨ।  ਬੋਲਡਰ ਪੁਲਿਸ ਦੇ ਕਮਾਂਡਰ ਕੈਰੀ ਯਾਮਾਗੁਚੀ ਨੇ ਕਿਹਾ ਕਿ ਗੋਲੀਬਾਰੀ ਦੇ ਮਕਸਦ ਬਾਰੇ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਅਤੇ ਹਮਲਾਵਰ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸੇ ਦਰਮਿਆਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੋਲਡਰ ਪੁਲਿਸ ਦੇ ਮੁਖੀ ਮੈਰਿਸ ਹੈਰੌਲਡ ਨੇ ਗੋਲੀਬਾਰੀ ਦੌਰਾਨ ਮਾਰੇ ਗਏ ਪੁਲਿਸ ਮੁਲਾਜ਼ਮ ਦੀ ਪਛਾਣ 51 ਸਾਲ ਦੇ ਐਰਿਕ ਟੈਲੀ ਵਜੋਂ ਜ਼ਾਹਰ ਕੀਤੀ ਜੋ ਪਿਛਲੇ 10 ਸਾਲ ਤੋਂ ਪੁਲਿਸ ਵਿਭਾਗ ਵਿਚ ਕੰਮ ਕਰ ਰਿਹਾ ਸੀ। ਐਰਿਕ ਟੈਲੀ 7 ਬੱਚਿਆਂ ਦਾ ਪਿਤਾ ਸੀ ਅਤੇ ਸਭ ਤੋਂ ਛੋਟੇ ਬੱਚੇ ਦੀ ਉਮਰ 7 ਸਾਲ ਹੈ।  ਗੋਲੀਬਾਰੀ ਦੌਰਾਨ ਕਿੰਗ ਸੂਪਰਜ਼ ਸੁਪਰਮਾਰਕਿਟ ਵਿਚ ਮੌਜੂਦ ਡੀਨ ਸ਼ੀਲਰ ਨੇ ਦੱਸਿਆ ਕਿ ਇਕ ਸ਼ਖਸ ਆਇਆ ਅਤੇ ਬਗ਼ੈਰ ਕਿਸੇ ਭੜਕਾਹਟ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਕੁਝ ਲੋਕ ਜ਼ਮੀਨ ’ਤੇ ਲੰਮੇ ਪੈ ਗਏ ਜਦਕਿ ਕੁਝ ਗੋਲੀ ਲੱਗਣ ਕਾਰਨ ਜ਼ਖ਼ਮੀ ਸਨ। ਡੀਨ ਸ਼ੀਲਰ ਮੁੱਖ ਗੇਟ ਦੇ ਬਿਲਕੁਲ ਨੇੜੇ ਸੀ ਅਤੇ ਤੁਰਤ ਸੁਪਰਮਾਰਕਿਟ ਵਿਚੋਂ ਬਾਹਰ ਨਿਕਲ ਗਿਆ। ਇਕ ਹੋਰ ਚਸ਼ਮਦੀਦ ਸਾਰਾਹ ਮੂਨਸ਼ੈਡੋ ਨੇ ਦੱਸਿਆ ਕਿ ਉਹ ਆਪਣੇ ਬੇਟੇ ਨਾਲ ਕੁਝ ਸਮਾਨ ਖਰੀਦਣ ਸੁਪਰਮਾਰਕਿਟ ਵਿਚ ਗਈ ਅਤੇ ਜਿਉਂ ਬਿਲ ਅਦਾ ਕਰਨ ਮਗਰੋਂ ਬਾਹਰ ਵੱਲ ਜਾਣ ਲੱਗੀ ਤਾਂ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿਤੀ। ਸਿਰਫ਼ ਦੋ-ਤਿੰਨ ਦੇ ਮਿੰਟ ਦੇ ਫ਼ਰਕ ਨਾਲ ਉਹ ਗੋਲੀਆਂ ਦੀ ਲਪੇਟ ਵਿਚ ਆਉਣ ਤੋਂ ਬਚ ਗਈ। ਜਦੋਂ ਉਹ ਆਪਣੇ ਬੇਟੇ ਨਾਲ ਬਾਹਰ ਨਿਕਲੀ ਤੋਂ ਪੁਲਿਸ ਨੇ ਹਰ ਪਾਸੇ ਘੇਰਾਬੰਦੀ ਕੀਤੀ ਹੋਈ ਸੀ। ਸੁਪਰਮਾਰਕਿਟ ਦੇ ਮੀਟ ਸੈਕਸ਼ਨ ਵਿਚ ਮੌਜੂਦ ਜੇਮਜ਼ ਬੈਂਟਜ਼ ਨੇ ਦੱਸਿਆ ਕਿ ਪਹਿਲੀ ਗੋਲੀ ਦੀ ਆਵਾਜ਼ ਸੁਣਨ ਮਗਰੋਂ ਲੱਗਿਆ ਕਿ ਕੋਈ ਚੀਜ਼ ਫਟੀ ਹੋਵੇਗੀ ਪਰ ਬਾਅਦ ਵਿਚ ਇਕ ਮਗਰੋਂ ਇਕ ਗੋਲੀਆਂ ਚੱਲਣ ਲੱਗੀਆਂ ਅਤੇ ਸਾਫ਼ ਹੋ ਗਿਆ ਕਿ ਹਾਲਾਤ ਵਿਗੜ ਚੁੱਕੇ ਹਨ। ਜੇਮਜ਼ ਨੇ ਮੀਟ ਸੈਕਸ਼ਨ ਦੇ ਪਿਛਲੇ ਪਾਸੇ ਵਾਲੀ ਬਾਰੀ ਖੋਲ੍ਹ ਦਿਤੀ ਅਤੇ ਲੋਕਾਂ ਨੂੰ ਬਾਹਰ ਨਿਕਲਣ ਵਿਚ ਮਦਦ ਕਰਨ ਲੱਗਾ।

Video Ad
Video Ad