ਪੈਟਰੋਲ-ਡੀਜ਼ਲ ‘ਤੇ ਕੇਂਦਰ ਸਰਕਾਰ ਦਾ ਟੈਕਸ ਕੁਲੈਕਸ਼ਨ 6 ਸਾਲ ‘ਚ 300% ਵਧਿਆ

ਨਵੀਂ ਦਿੱਲੀ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੈਟਰੋਲ ਅਤੇ ਡੀਜ਼ਲ ‘ਤੇ ਕੇਂਦਰ ਸਰਕਾਰ ਦਾ ਟੈਕਸ ਕੁਲੈਕਸ਼ਨ ਪਿਛਲੇ 6 ਸਾਲ ‘ਚ 300 ਫ਼ੀਸਦੀ ਵੱਧ ਗਿਆ ਹੈ। ਇਹ ਜਾਣਕਾਰੀ ਲੋਕਸਭਾ ‘ਚ ਦਿੰਦਿਆਂ ਦੱਸਿਆ ਗਿਆ ਕਿ ਪੈਟਰੋਲ-ਡੀਜ਼ਲ ‘ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ‘ਚ ਵਾਧੇ ਕਰਕੇ ਟੈਕਸ ਸੰਗ੍ਰਹਿ ‘ਚ ਵਾਧਾ ਹੋਇਆ ਹੈ। ਕੇਂਦਰ ਸਰਕਾਰ ਨੇ ਸਾਲ 2014-15 ‘ਚ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਤੋਂ 29,279 ਕਰੋੜ ਰੁਪਏ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਤੋਂ 42,881 ਕਰੋੜ ਰੁਪਏ ਇਕੱਠੇ ਕੀਤੇ ਸਨ। ਇਹ ਮੋਦੀ ਸਰਕਾਰ ਦੇ ਕਾਰਜਕਾਲ ਦਾ ਪਹਿਲਾ ਸਾਲ ਸੀ।
ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਲੋਕ ਸਭਾ ‘ਚ ਇਕ ਲਿਖਤੀ ਜਵਾਬ ‘ਚ ਦੱਸਿਆ ਕਿ ਮੌਜੂਦਾ ਵਿੱਤੀ ਸਾਲ (2020-21) ਦੇ ਪਹਿਲੇ 10 ਮਹੀਨਿਆਂ ‘ਚ ਪੈਟਰੋਲ ਅਤੇ ਡੀਜ਼ਲ ਉੱਤੇ ਸਰਕਾਰ ਦਾ ਟੈਕਸ ਕੁਨੈਕਸ਼ਨ ਵੱਧ ਕੇ 2.94 ਲੱਖ ਕਰੋੜ ਰੁਪਏ ਹੋ ਗਿਆ। ਸਰਕਾਰ ਨੇ ਕੁਦਰਤੀ ਗੈਸ ‘ਤੇ ਐਕਸਾਈਜ਼ ਡਿਊਟੀ ਜ਼ਰੀਏ ਸਾਲ 2014-15 ‘ਚ 74,158 ਕਰੋੜ ਇਕੱਠੇ ਕੀਤੇ, ਜੋ ਅਪ੍ਰੈਲ 2020 ਤੋਂ ਜਨਵਰੀ 2021 ਤਕ ਦੀ ਮਿਆਦ ‘ਚ ਵੱਧ ਕੇ 2.95 ਲੱਖ ਕਰੋੜ ਰੁਪਏ ਹੋ ਗਿਆ।
ਅਨੁਰਾਗ ਠਾਕੁਰ ਨੇ ਦੱਸਿਆ ਕਿ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਹਨ। ਇਸ ਦੇ ਨਾਲ ਹੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ‘ਚ ਵੀ ਕਟੌਤੀ ਨਹੀਂ ਕੀਤੀ ਹੈ। ਕੇਂਦਰ ਸਰਕਾਰ ਅਤੇ ਸੂਬਿਆਂ ਦੇ ਟੈਕਸ ਬਹੁਤ ਜ਼ਿਆਦਾ ਹਨ। ਇਸ ਲਈ ਉਨ੍ਹਾਂ ਦੀਆਂ ਕੀਮਤਾਂ ਘੱਟ ਨਹੀਂ ਰਹੀਆਂ ਹਨ। ਦਰਅਸਲ, ਕੋਰੋਨਾ ਦੀ ਲਾਗ ਕਾਰਨ ਅਰਥਚਾਰੇ ਨੂੰ ਲੱਗੇ ਝਟਕੇ ਨੇ ਸਰਕਾਰ ਦੀ ਕਮਾਈ ਘਟਾ ਦਿੱਤੀ ਹੈ। ਅਜਿਹੀ ਸਥਿਤੀ ‘ਚ ਸਰਕਾਰ ਨੂੰ ਮਾਲੀਆ ਇਕੱਤਰ ਕਰਨ ‘ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਬਜਟ ਪ੍ਰਾਵਧਾਨਾਂ ਤਹਿਤ ਐਲਾਨੇ ਗਏ ਕਦਮਾਂ ਨੂੰ ਲਾਗੂ ਕਰਨ ਲਈ ਵੱਡੇ ਫੰਡ ਦੀ ਲੋੜ ਹੈ। ਖ਼ਾਸਕਰ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਲਈ। ਅਜਿਹੇ ਪ੍ਰਾਜੈਕਟਾਂ ਲਈ ਕਾਫ਼ੀ ਜ਼ਿਆਦਾ ਪੈਸੇ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਸਰਕਾਰ ਇਸ ‘ਤੇ ਆਬਕਾਰੀ ਡਿਊਟੀ ਨਹੀਂ ਘਟਾ ਰਹੀ ਹੈ।
ਅਨੁਰਾਗ ਠਾਕੁਰ ਨੇ ਦੱਸਿਆ ਕਿ ਸਾਲ 2014 ‘ਚ ਪੈਟਰੋਲ ‘ਤੇ ਐਕਸਾਈਜ਼ ਡਿਊਟੀ 9.48 ਰੁਪਏ ਪ੍ਰਤੀ ਲੀਟਰ ਸੀ, ਜੋ ਇਸ ਸਮੇਂ ਵੱਧ ਕੇ 32.90 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸੇ ਤਰ੍ਹਾਂ ਡੀਜ਼ਲ ‘ਤੇ ਐਕਸਾਈਜ਼ ਡਿਊਟੀ 3.56 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 31.80 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਸਮੇਂ ਦਿੱਲੀ ‘ਚ 91.17 ਰੁਪਏ ਪ੍ਰਤੀ ਲੀਟਰ ਕੀਮਤ ‘ਤੇ ਵਿਕ ਰਹੇ ਪੈਟਰੋਲ ਦੀ ਪ੍ਰਚੂਨ ਕੀਮਤ ‘ਚ ਟੈਕਸ ਦੀ ਹਿੱਸੇਦਾਰੀ ਲਗਭਗ 60 ਫ਼ੀਸਦੀ ਹੈ। ਪ੍ਰਚੂਨ ਕੀਮਤ ‘ਚ ਐਕਸਾਈਜ਼ ਡਿਊਟੀ ਦਾ ਹਿੱਸਾ ਲਗਭਗ 36 ਫ਼ੀਸਦੀ ਹੈ।
ਦਿੱਲੀ ‘ਚ 81.47 ਰੁਪਏ ਪ੍ਰਤੀ ਲੀਟਰ ਵਿਕ ਰਹੇ ਡੀਜ਼ਲ ਦੀ ਪ੍ਰਚੂਨ ਕੀਮਤ ‘ਚ 53 ਫ਼ੀਸਦੀ ਟੈਕਸ ਦੀ ਹਿੱਸੇਦਾਰੀ ਹੈ। ਇਸ ਵਿਚੋਂ 39 ਫ਼ੀਸਦੀ ਕੇਂਦਰੀ ਆਬਕਾਰੀ ਡਿਊਟੀ ਹੈ। 14 ਮਾਰਚ 2020 ਨੂੰ ਪੈਟਰੋਲ ਅਤੇ ਡੀਜ਼ਲ ‘ਤੇ ਕੁੱਲ ਸੈਂਟਰਲ ਐਕਸਾਈਜ਼ ਡਿਊਟੀ (ਬੇਸਿਕ ਐਕਸਾਈਜ਼ ਡਿਊਟੀ, ਸੈੱਸ ਅਤੇ ਸਰਚਾਰਜ ਸਮੇਤ) ‘ਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸ ਨੂੰ 6 ਮਈ 2020 ਨੂੰ ਦੁਬਾਰਾ ਸੋਧਿਆ ਗਿਆ ਅਤੇ ਪੈਟਰੋਲ ‘ਤੇ 10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ 13 ਰੁਪਏ ਦਾ ਵਾਧਾ ਕੀਤਾ ਗਿਆ ਸੀ।

Video Ad
Video Ad