ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਛੇਤੀ ਹੀ ਘੱਟਣਗੀਆਂ, ਓਪੇਕ ਵਧਾਏਗਾ ਕੱਚੇ ਤੇਲ ਦਾ ਉਤਪਾਦਨ

ਨਵੀਂ ਦਿੱਲੀ, 2 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਤੇਲ ਨਿਰਯਾਤ ਕਰਨ ਵਾਲੇ ਦੇਸ਼ਾਂ ਦੀ ਸੰਗਠਨ (ਓਪੇਕ) ਅਤੇ ਸਹਿਭਾਗੀ ਦੇਸ਼ਾਂ ਨੇ ਹੌਲੀ-ਹੌਲੀ ਤੇਲ ਦੇ ਉਤਪਾਦਨ ਨੂੰ ਵਧਾਉਣ ਲਈ ਸਹਿਮਤੀ ਦਿੱਤੀ ਹੈ। ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਹੋ ਸਕਦੀਆਂ ਹਨ।

Video Ad

ਓਪੇਕ ਨੇ ਕਿਹਾ ਕਿ ਉਹ ਮਈ ਤੋਂ ਜੁਲਾਈ ਦੇ ਮਹੀਨੇ ‘ਚ ਤੇਲ ਦੇ ਉਤਪਾਦਨ ‘ਚ 20 ਲੱਖ ਬੈਰਲ ਪ੍ਰਤੀ ਦਿਨ ਵਧਾਉਣਗੇ। ਉਨ੍ਹਾਂ ਕਿਹਾ ਕਿ ਉਹ ਸੁਚੇਤ ਰੁਖ਼ ਅਪਣਾਉਂਦੇ ਹੋਏ ਕੋਵਿਡ-19 ਮਹਾਂਮਾਰੀ ਤੋਂ ਵਿਸ਼ਵਪੱਧਰੀ ਅਰਥਚਾਰੇ ‘ਚ ਮੁੜ ਸੁਰਜੀਤੀ ਦੇ ਨਾਲ ਕਦਮ ਚੁੱਕ ਰਹੇ ਹਨ। ਓਪੇਕ ਅਤੇ ਸਹਿਯੋਗੀ ਦੇਸ਼ਾਂ ਨੇ ਮਹਾਂਮਾਰੀ ਦੌਰਾਨ ਘੱਟ ਰਹੀ ਮੰਗ ਕਾਰਨ ਕੀਮਤਾਂ ‘ਚ ਗਿਰਾਵਟ ਨੂੰ ਰੋਕਣ ਦੇ ਇਰਾਦੇ ਨਾਲ ਪਿਛਲੇ ਸਾਲ ਉਤਪਾਦਨ ਨੂੰ ਘਟਾਉਣ ਦਾ ਫ਼ੈਸਲਾ ਕੀਤਾ ਸੀ।

ਹੁਣ ਸਮੂਹ ਨੇ ਮਈ ਤੋਂ ਜੁਲਾਈ ਦੌਰਾਨ ਤੇਲ ਦਾ ਉਤਪਾਦਨ ਪ੍ਰਤੀ ਦਿਨ 20 ਲੱਖ ਬੈਰਲ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ। ਸਮੂਹ ਮਈ ‘ਚ 1.50 ਲੱਖ ਬੈਰਲ ਪ੍ਰਤੀ ਦਿਨ, ਜੂਨ ‘ਚ 3.50 ਲੱਖ ਬੈਰਲ ਪ੍ਰਤੀ ਦਿਨ ਅਤੇ ਜੁਲਾਈ ਵਿਚ 4 ਲੱਖ ਬੈਰਲ ਪ੍ਰਤੀ ਦਿਨ ਵਧਾਏਗਾ। ਇਸ ਦੌਰਾਨ ਸਾਊਦੀ ਅਰਬ ਨੇ ਕਿਹਾ ਕਿ ਉਹ ਵਾਧੂ ਉਤਪਾਦਨ ਆਪਣੇ ਆਪ ‘ਚ 10 ਲੱਖ ਬੈਰਲ ਪ੍ਰਤੀ ਦਿਨ ਬਹਾਲ ਕਰੇਗਾ।

ਇਸ ਤੋਂ ਪਹਿਲਾਂ ਦੇਸ਼ ਦੇ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਓਪੇਕ ਦੇਸ਼ਾਂ ਨੂੰ ਕੱਚੇ ਤੇਲ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਉਤਪਾਦਨ ‘ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਘੱਟ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਆਰਥਿਕ ਖੇਤਰ ‘ਚ ਸੁਧਾਰ ਅਤੇ ਮੰਗ ਦੋਵਾਂ ਨੂੰ ਪ੍ਰਭਾਵਤ ਕਰ ਰਹੀਆਂ ਹਨ।

ਓਪੇਕ ਦੀ ਬੈਠਕ ਤੋਂ ਬਾਅਦ ਭਾਰਤ ਦਾ ਬੇਨਤੀ ਬਾਰੇ ਪੁੱਛੇ ਜਾਣ ‘ਤੇ ਸਾਊਦੀ ਅਰਬ ਦੇ ਊਰਜਾ ਮੰਤਰੀ ਪ੍ਰਿੰਸ ਅਬਦੁਲਾਜ਼ੀਜ਼ ਬਿਨ ਸਲਮਾਨ ਨੇ ਕਿਹਾ ਕਿ ਭਾਰਤ ਨੂੰ ਪਿਛਲੇ ਸਾਲ ਸਸਤੇ ‘ਚ ਖਰੀਦਿਆ ਗਿਆ ਕੱਚਾ ਤੇਲ ਇਸਤੇਮਾਲ ਕਰ ਲੈਣਾ ਚਾਹੀਦਾ ਸੀ। ਪਿਛਲੇ ਕੁੱਝ ਦਿਨਾਂ ਤੋਂ ਦੇਸ਼ ‘ਚ ਤੇਲ ਦੀਆਂ ਕੀਮਤਾਂ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਦੇਸ਼ ਦੀਆਂ ਵੱਡੀਆਂ ਪੈਟਰੋਲੀਅਮ ਕੰਪਨੀਆਂ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਵਾਧਾ ਨਹੀਂ ਕੀਤਾ ਹੈ। ਇਸੇ ਤਰ੍ਹਾਂ ਪੂਰੇ ਪੱਛਮੀ ਬੰਗਾਲ ਸਮੇਤ 5 ਸੂਬਿਆਂ ‘ਚ ਚੋਣਾਂ ਹੋਣ ਕਾਰਨ ਮਾਰਚ ਮਹੀਨੇ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਵਾਧਾ ਨਹੀਂ ਹੋਇਆ ਹੈ।

Video Ad