ਪੈਟਰੌਲ-ਡੀਜ਼ਲ ਤੋਂ ਬਾਅਦ ਖਾਣ ਵਾਲਾ ਤੇਲ ਵੀ ਹੋਇਆ ਮਗਿੰਗਾ, 80% ਵਧੀਆਂ ਕੀਮਤਾਂ

ਨਵੀਂ ਦਿੱਲੀ, 30 ਮਾਰਚ (ਹਮਦਰਦ ਨਿਊਜ਼ ਸਰਵਿਸ) : ਮਹਿੰਗਾਈ ਨੇ ਆਮ ਆਦਮੀ ਦਾ ਬੁਰਾ ਹਾਲ ਕੀਤਾ ਹੋਇਆ ਹੈ। ਪੈਟਰੌਲ-ਡੀਜ਼ਲ ਤੋਂ ਲੈ ਕੇ ਰਸੋਈ ਗੈਸ ਦੀਆਂ ਕੀਮਤਾਂ ‘ਚ ਭਾਰੀ ਵਾਧੇ ਤੋਂ ਬਾਅਦ ਹੁਣ ਖਾਣ ਵਾਲੇ ਤੇਲ ਦੀਆਂ ਕੀਮਤਾਂ ‘ਚ ਵੀ ਕਾਫ਼ੀ ਤੇਜ਼ੀ ਆਈ ਹੋਈ ਹੈ। ਪਿਛਲੇ ਇਕ ਸਾਲੇ ‘ਚ ਕੱਚੇ ਤੇਲ ਦੀਆਂ ਕੀਮਤਾਂ ਜਿੱਥੇ 95 ਫ਼ੀਸਦੀ ਤਕ ਵਧੀਆਂ ਹਨ, ਉੱਥੇ ਹੀ ਵੱਖ-ਵੱਖ ਤਰ੍ਹਾਂ ਦੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ‘ਚ 50 ਤੋਂ 80 ਫ਼ੀਸਦੀ ਤਕ ਦਾ ਵਧਾ ਹੋਇਆ ਹੈ।
ਦਰਅਸਲ ਕੌਮਾਂਤਰੀ ਬਾਜ਼ਾਰ ‘ਚ ਤੇਲ ਦੀਆਂ ਕੀਮਤਾਂ ‘ਚ ਭਾਰੀ ਵਾਧਾ ਹੋਇਆ ਹੈ। ਭਾਰਤ ‘ਚ ਸਰੋਂ ਦੇ ਤੇਲ ਦੀ ਵਰਤੋਂ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ। ਪਰ ਇਸ ਵਾਰ ਸਰ੍ਹੋਂ ਦੀ ਨਵੀਂ ਆਮਦ ਦੇ ਬਾਵਜੂਦ ਇਸ ਦੀ ਕੀਮਤ ਘੱਟ ਨਹੀਂ ਹੋਈ ਹੈ। ਕੌਮਾਂਤਰੀ ਬਾਜ਼ਾਰ ‘ਚ ਕੀਮਤਾਂ ਵੱਧ ਹੋਣ ਕਾਰਨ ਦਰਾਮਦਕਾਰ ਉੱਚੀਆਂ ਕੀਮਤਾਂ ‘ਤੇ ਖਾਣ ਵਾਲੇ ਤੇਲ ਦੀ ਦਰਾਮਦ ਕਰਨ ਤੋਂ ਪਰਹੇਜ਼ ਕਰ ਰਹੇ ਹਨ। ਖਾਣ ਵਾਲੇ ਤੇਲਾਂ ਦੀ ਦਰਾਮਦ ਫ਼ਰਵਰੀ ‘ਚ 27 ਫ਼ੀਸਦੀ ਘੱਟ ਕੇ 7.96 ਲੱਖ ਟਨ ਰਹਿ ਗਈ, ਜਦਕਿ ਮੌਜੂਦਾ ਸਾਲ ਦੇ ਨਵੰਬਰ-ਫਰਵਰੀ ਦੌਰਾਨ ਤੇਲ ਦੀ ਦਰਾਮਦ ‘ਚ 3.7 ਫ਼ੀਸਦੀ ਦੀ ਗਿਰਾਵਟ ਆਈ ਹੈ।
ਪਾਮ ਤੇਲ ਵੱਡੇ ਪੱਧਰ ‘ਤੇ ਭਾਰਤ ‘ਚ ਦਰਾਮਦ ਕੀਤਾ ਜਾਂਦਾ ਹੈ। ਪਾਮ ਦਾ ਤੇਲ ਜ਼ਿਆਦਾਤਰ ਢਾਬਿਆਂ, ਰੈਸਟੋਰੈਂਟਾਂ ਅਤੇ ਪੈਕ ਕੀਤੇ ਖਾਣੇ, ਸਨੈਕਸ ‘ਚ ਵਰਤਿਆ ਜਾਂਦਾ ਹੈ। ਪਿਛਲੇ ਇਕ ਸਾਲ ਦੌਰਾਨ ਕੌਮਾਂਤਰੀ ਬਾਜ਼ਾਰ ‘ਚ ਆਰਬੀਡੀ ਪਾਮੋਲੀਨ ਦੀ ਕੀਮਤ 590 ਡਾਲਰ ਤੋਂ ਵੱਧ ਕੇ 1100 ਡਾਲਰ, ਕਰੂਡ ਪਾਮ ਤੇਲ ਦੀ ਕੀਮਤ 580 ਡਾਲਰ ਤੋਂ 1120 ਡਾਲਰ ਪ੍ਰਤੀ ਟਨ ਹੋ ਗਈ ਹੈ। ਘਰੇਲੂ ਬਾਜ਼ਾਰ ‘ਚ ਦਰਾਮਦ ਆਰਬੀਡੀ ਪਾਮੋਲੀਨ 70 ਫ਼ੀਸਦੀ ਦੇ ਵਾਧੇ ਨਾਲ 120-125 ਰੁਪਏ ਅਤੇ ਕਰੂਡ ਪਾਮ ਤੇਲ 80 ਫ਼ੀਸਦੀ ਦੇ ਵਾਧੇ ਨਾਲ 115 ਤੋਂ 117 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਹੀ ਹੈ। ਇਸ ਕਾਰਨ ਦੇਸ਼ ‘ਚ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ।
ਪਿਛਲੇ ਇਕ ਸਾਲ ‘ਚ ਘਰੇਲੂ ਖਾਣ ਵਾਲੇ ਤੇਲਾਂ ‘ਚ ਸਰ੍ਹੋਂ ਦੇ ਤੇਲ ਦੀ ਕੀਮਤ 85-90 ਰੁਪਏ ਤੋਂ ਵੱਧ ਕੇ 120-125 ਰੁਪਏ ਹੋ ਗਈ ਹੈ। ਰਿਫਾਇੰਡ ਸੋਇਆ ਤੇਲ 80-85 ਰੁਪਏ ਤੋਂ ਵੱਧ ਕੇ 125-130 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਇਸ ਦੌਰਾਨ ਮੂੰਗਫਲੀ ਦੇ ਤੇਲ ਦੀ ਕੀਮਤ ਲਗਭਗ 30 ਫ਼ੀਸਦੀ ਵੱਧ ਕੇ 155-160 ਰੁਪਏ ਹੋ ਗਈ ਹੈ। ਉੱਥੇ ਹੀ ਸੂਰਜਮੁਖੀ ਦੇ ਤੇਲ ਦੀ ਕੀਮਤ ਦੁੱਗਣੀ ਤੋਂ ਵੱਧ ਕੇ 185-190 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

Video Ad
Video Ad