ਮੋਹਾਲੀ, 5 ਮਈ, ਹ.ਬ. : ਫਰਜ਼ੀ ਇਮੀਗ੍ਰੇਸ਼ਨ ਕੰਪਨੀਆਂ ਦਾ ਅੱਡਾ ਬਣ ਚੁੱਕੇ ਮੋਹਾਲੀ ’ਚ ਇਮੀਗ੍ਰੇਸ਼ਨ ਨਾਲ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਫੇਜ਼-11 ਦੀ ਐਮਨੈਸਟੀ ਕੰਸਲਟੈਂਟ ਨਾਮ ਦੀ ਇਮੀਗ੍ਰੇਸ਼ਨ ਕੰਪਨੀ ’ਤੇ ਯੂਰਪ ਭੇਜਣ ਦੇ ਨਾਂ ’ਤੇ ਧੋਖਾਧੜੀ ਕਰਨ ਦੇ ਦੋਸ਼ ਲੱਗੇ ਹਨ। ਆਗਰਾ ਦੇ ਰਹਿਣ ਵਾਲੇ ਸੁਮਨ ਅਤੇ ਕ੍ਰਿਸ਼ਨ ਕੁਮਾਰ ਨੇ ਐਸਐਸਪੀ ਮੁਹਾਲੀ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਕੰਪਨੀ ਨੇ ਉਨ੍ਹਾਂ ਨੂੰ ਯੂਰਪ ਭੇਜਣ ਦੇ ਨਾਂ ’ਤੇ 80 ਹਜ਼ਾਰ ਰੁਪਏ ਲਏ ਸਨ।
ਇਸ ਤੋਂ ਬਾਅਦ ਉਸ ਨੂੰ ਯੂਰਪ ਦੇ ਇਕ ਹੋਟਲ ਦਾ ਆਫਰ ਲੈਟਰ ਸੌਂਪਿਆ ਗਿਆ। ਪਰ ਜਦੋਂ ਉਸ ਨੇ ਉਸ ਆਫਰ ਲੈਟਰ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਫਰਜ਼ੀ ਆਫਰ ਲੈਟਰ ਸੀ। ਇਸ ਸਬੰਧੀ ਜਦੋਂ ਉਹ ਆਪਣੇ ਪੈਸੇ ਵਾਪਸ ਮੰਗਣ ਲਈ ਕੰਪਨੀ ਵਿੱਚ ਗਿਆ ਤਾਂ ਕੰਪਨੀ ਵਿੱਚ ਉਸ ਨਾਲ ਬਦਸਲੂਕੀ ਕੀਤੀ ਗਈ ਅਤੇ ਉਸ ਨੂੰ ਉਥੋਂ ਭਜਾ ਦਿੱਤਾ ਗਿਆ।