
ਰਿਸ਼ੀ ਸੁਨਕ ਅਤੇ ਲਿਜ ਟਰੱਸ ਦੇ ਵਿਚ ਮੁਕਾਬਲਾ ਤੇਜ਼
ਲੰਡਨ, 8 ਅਗਸਤ, ਹ.ਬ. : ਯੂਕੇ ਦੇ ਨਵੇਂ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਭਾਰਤੀ ਮੂਲ ਦੇ ਰਿਸ਼ੀ ਸੁਨਕ ਅਤੇ ਲਿਜ ਟਰੱਸ ਦੇ ਵਿਚ ਮੁਕਾਬਲਾ ਤੇਜ਼ ਹੋ ਗਿਆ ਹੈ। ਸ਼ੁਰੂ ਵਿਚ ਸੁਨਕ ਨੂੰ ਅਪਣੀ ਕੰਜ਼ਰਵੇਟਿਵ ਪਾਰਟੀ ਦੇ 137 ਸਾਂਸਦਾਂ ਦਾ ਸਮਰਥਨ ਮਿਲਿਆ ਸੀ। ਲਿਜ਼ ਟਰੱਸ 113 ਸਾਂਸਦਾਂ ਦਾ ਹੀ ਸਮਰਥਨ ਜੁਟਾ ਸਕੀ ਸੀ। ਹੁਣ ਫਾਈਨਲ ਵਿਚ ਕੰਜ਼ਰਵੇਟਿਵ ਪਾਰਟੀ ਦੇ ਲਗਭਗ 2 ਲੱਖ ਸਥਾਈ ਮੈਂਬਰ ਵੋਟਿੰਗ ਕਰਨਗੇ। ਇਸ ਦੇ ਨਾਲ ਹੀ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਹੋਵੇਗੀ।
ਪਾਰਟੀ ਦੇ ਸਥਾਈ ਮੈਂਬਰਾਂ ਵਿਚੋਂ 96 ਫੀਸਦੀ ਗੋਰੇ ਹਨ। ਕੰਜ਼ਰਵੇਟਿਵ ਪਾਰਟੀ ਦੇ ਹਾਲੀਆ ਯੂਗੋਵ ਪੋਲ ਵਿਚ ਟਰੱਸ ਨੂੰ ਸੁਨਕ ਨਾਲੋਂ 28 ਫੀਸਦੀ ਬੜਤ ਹਾਸਲ ਹੋਈ ਹੈ। ਟਰੱਸ ਨੂੰ 58 ਫੀਸਦੀ, ਜਦ ਕਿ ਸੁਨਕ ਨੂੰ 30 ਫੀਸਦੀ ਹੀ ਵੋਟਾਂ ਮਿਲੀਆਂ ਹਨ। ਪਾਰਟੀ ਦੇ ਸਥਾਈ ਮੈਂਬਰਾਂ ਦੇ ਸਮਰਥਨ ਵਿਚ ਸੁਨਕ ਪੱਛੜਦੇ ਹੋਏ ਦਿਖਾਈ ਦੇ ਰਹੇ ਹਨ। ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਸੁਨਕ ਅਤੇ ਟਰੱਸ ਦੇ ਵਿਚ ਇਹੀ ਫਰਕ ਰਹਿਣ ਵਾਲਾ ਹੈ। ਇਕ ਹੋਰ ਸਰਵੇ ਮੁਤਾਬਕ ਪਾਰਟੀ ਦੇ ਹਰ 10 ਵਿਚੋਂ 6 ਮੈਂਬਰ ਟਰੱਸ ਦੇ ਨਾਲ ਹਨ।
ਹੁਣ ਸੁਨਕ ਅਤੇ ਟਰੱਸ ਵੋਟ ਮੰਗਣ ਲਈ ਕੰਜ਼ਰੇਵੇਟਿਵ ਪਾਰਟੀ ਦੇ ਮੈਂਬਰਾਂ ਦੇ ਵਿਚ ਜਾ ਰਹੇ ਹਨ। ਇਸ ਨੂੰ ਹਸਟਿੰਗਸ ਕਹਿੰਦੇ ਹਨ। ਐਕਸੀਟਰ, ਕਾਰਡਿਫ ਅਤੇ ਈਸਟਬੋਰਨ ਵਿਚ ਇਸ ਤਰ੍ਹਾਂ ਦੀ ਹਸਟਿੰਗਸ ਵਿਚ ਪਾਰਟੀ ਮੈਂਬਰਾਂ ਦੇ ਵਿਚ ਸੁਨਕ ਦੀ ਛਵੀ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨਾਲ ਗੱਦਾਰੀ ਕਰਕੇ ਸੱਤਾ ਹਥਿਆਉਣ ਦੀ ਲਾਲਸਾ ਰੱਖਣ ਵਾਲੇ ਨੇਤਾ ਦੀ ਬਣਾਈ ਜਾ ਰਹੀ ਹੈ।