Home ਦੁਨੀਆ ਪ੍ਰਧਾਨ ਮੰਤਰੀ ਨੇ ਹਮਿਲਟਨ ਤੋਂ ਔਕਲੈਂਡ ਲਈ ਨਵੀਂ ਰੇਲ ਸੇਵਾ ਦਾ ਸਫ਼ਰ ਕਰਕੇ ਲਿਆ ਜ਼ਾਇਜਾ

ਪ੍ਰਧਾਨ ਮੰਤਰੀ ਨੇ ਹਮਿਲਟਨ ਤੋਂ ਔਕਲੈਂਡ ਲਈ ਨਵੀਂ ਰੇਲ ਸੇਵਾ ਦਾ ਸਫ਼ਰ ਕਰਕੇ ਲਿਆ ਜ਼ਾਇਜਾ

0
ਪ੍ਰਧਾਨ ਮੰਤਰੀ ਨੇ ਹਮਿਲਟਨ ਤੋਂ ਔਕਲੈਂਡ ਲਈ ਨਵੀਂ ਰੇਲ ਸੇਵਾ ਦਾ ਸਫ਼ਰ ਕਰਕੇ ਲਿਆ ਜ਼ਾਇਜਾ
-6 ਅਪ੍ਰੈਲ ਤੋਂ-5 ਦਿਨ ਰੋਜ਼ਾਨਾ ਸਵੇਰੇ ਚੱਲੇਗੀ ਤੇ ਸ਼ਾਮੀ ਮੁੜੇਗੀ
-ਰੋਟੋਕਾਉਰੀ ਅਤੇ ਹੰਟਲੀ ਸਟੇਸ਼ਨ ਉਤੇ ਰੁਕੇਗੀ ਇਹ ਰੇਲ

ਆਕਲੈਂਡ, 25 ਮਾਰਚ, 2021 (-ਹਰਜਿੰਦਰ ਸਿੰਘ ਬਸਿਆਲਾ-):-ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਨੇ ਅੱਜ ਨਵੀਂ ਰੇਲ ਸੇਵਾ ਜੋ ਕਿ ਹਮਿਲਟਨ ਤੋਂ ਪਾਪਾਕੁਰਾ ਤੱਕ ਚਲਾਈ ਜਾ ਰਹੀ ਹੈ, ਦੇ ਵਿਚ ਸਫਰ ਕਰਕੇ ਇਕ ਤਰ੍ਹਾਂ ਨਾਲ ਜਾਇਜਾ ਲਿਆ ਅਤੇ ਇਸਦੀ ਰਸਮੀ ਸ਼ੁਰੂਆਤ ਕਰਨ ਨੂੰ ਹਰੀ ਝੰਡੀ ਦਿੱਤੀ। ਪ੍ਰਧਾਨ ਮੰਤਰੀ ਚਲਦੀ ਟ੍ਰੇਨ ਦੇ ਵਿਚੋਂ ਲਾਈਵ ਵੀ ਹੋਏ ਅਤੇ ਉਨ੍ਹਾਂ ਦੇ ਨਾਲ ਟ੍ਰਾਂਸਪੋਰਟ ਮੰਤਰੀ ਸ੍ਰੀ ਮਾਈਕਲ ਵੁੱਡ ਵੀ ਸਨ।
ਸਰਕਾਰ ਨੇ ਦਸੰਬਰ 2018 ਦੇ ਵਿਚ ਐਲਾਨ ਕੀਤਾ ਸੀ ਕਿ ਹਮਿਲਟਨ ਤੋਂ ਔਕਲੈਂਡ ਲਈ ਨਵੀਂ ਯਾਤਰੀ ਟ੍ਰੇਨ ਚਲਾਈ ਜਾਵੇਗੀ। ਇਸ ਸਬੰਧੀ 85.5 ਮਿਲੀਅਨ ਡਾਲਰ (ਸੰਨ 2019 ਤੋਂ 2024) ਦਾ ਫੰਡ ਵੀ ਰੱਖਿਆ ਗਿਆ ਸੀ। ਇਸ ਵਿਚੋਂ 12.2 ਮਿਲੀਅਨ ਵਾਇਕਾਟੋ ਕੌਂਸਿਲ ਦੇ ਹਿੱਸੇ ਆਇਆ ਸੀ। ਬਿ੍ਰਟੇਨ ਤੋਂ ਕਿਸੇ ਵੇਲੇ ਆਈਆਂ ਐਸ. ਏ. ਐਸ. ਡੀ. (ਮਾਡਲ) ਡੀਜ਼ਲ ਰੇਲ ਗੱਡੀਆਂ ਨੂੰ ਨਵੇਂ ਸਿਰਿਓਂ ਲਿਸ਼ਕਾ ਕੇ ਰੇਲਵੇ ਟ੍ਰੈਕ ਉਤੇ ਚਲਾÇਆ ਗਿਆ ਹੈ। ਨਵੀਂ ਚੱਲਣ ਵਾਲੀ ਇਹ ਟ੍ਰੇਨ 6 ਅਪ੍ਰੈਲ ਤੋਂ ਹਮਿਲਟਨ ਸ਼ਹਿਰ ਤੋਂ ਸਵੇਰੇ 5.46 ਮਿੰਟ ਅਤੇ 6.30 ਉਤੇ ਔਕਲੈਂਡ ਲਈ ਚੱਲਿਆ ਕਰੇਗੀ ਅਤੇ ਫਿਰ ਸ਼ਾਮ ਨੂੰ 5 ਵਜੇ ਅਤੇ 6.30 ਵਜੇ ਵਾਪਿਸ ਜਾਇਆ ਕਰੇਗੀ। ਟ੍ਰੇਨ ਦੇ ਵਿਚ ਚਾਰ ਡੱਬੇ ਲਗਾਏ ਗਏ ਹਨ। ਹਮਿਲਟਨ ਤੋਂ ਔਕਲੈਂਡ ਦਾ ਕਿਰਾਇਆ 12.20 ਡਾਲਰ ਰਹੇਗਾ। ਜਦ ਕਿ ਹੰਟਲੀ ਤੋਂ ਔਕਲੈਂਡ ਲਈ ਕਿਰਾਇਆ 7.80 ਡਾਲਰ ਰਹੇਗਾ। ਪਾਪਾਕੁਰਾ ਤੋਂ ਸਵਾਰੀਆਂ ਉਤਰ ਕੇ ਦੂਸਰੀ ਟ੍ਰੇਨ ਦੇ ਵਿਚ ਚੜਿ੍ਹਆ ਕਰਨਗੀਆਂ। ਸਰਕਾਰ ਸੋਚਦੀ ਹੈ ਕਿ ਹਰ ਸਾਲ 73000 ਕਾਰਾਂ ਹੁਣ ਔਕਲੈਂਡ ਵੱਲ ਨੂੰ ਘਟਣਗੀਆਂ। ਰੇਲ ਦੇ ਵਿਚ ਵਾਈ-ਫਾਈ ਦੀ ਸਹੂਲਤ ਦਿੱਤੀ ਗਈ ਹੈ ਤਾਂ ਕਿ ਲੋਕ ਆਪਣਾ ਕੰਮ ਕਰ ਸਕਣ।

ਇਸ ਟ੍ਰੇਨ ਦਾ ਨਾਂਅ ਰਹੇਗਾ ‘ਟੀ ਹੂਈਆ’। ਇਹ ਨਾਂਅ ਦੇਸ਼ ਦੇ ਇਕ ਅਲੋਪ ਹੋ ਚੁੱਕੇ ਸੁੰਦਰ ਪੰਛੀ ‘ਟੀ ਹੂਈਆ’ (ਭਾਰਤੀ ਨਾਂਅ ਚੱਕੀਰਾਹਾ) ਦੇ ਨਾਂਅ ਉਤੇ ਹੈ। ਇਸ ਪੰਛੀ ਦੀ ਚੁੰਝ ਲੰਬੀ ਹੁੰਦੀ ਬੈ, ਰੰਗ ਕਾਲਾ ਹੁੰਦਾ ਹੈ ਅਤੇ ਪੂਛ ਦੇ ਉਤੇ ਚਿੱਟੇ ਰੰਗ ਦਾ ਬਾਰਡਰ ਹੁੰਦਾ ਹੈ। ਇਸ ਨਾਂਅ ਪਿੱਛੇ ਮਕਸਦ ਸ਼ਾਇਦ ਐਨਾ ਹੈ ਕਿ ਦੇਸ਼ ਦੇ ਵਿਚ ਪੰਛੀਆਂ ਦੀ ਪ੍ਰਜਾਤੀ ਨੂੰ ਵੀ ਯਾਦ ਰੱਖਿਆ ਜਾ ਸਕੇ। ਅੰਗਰੇਜ਼ੀ ਦੇ ਵਿਚ ਇਸ ਪੰਛੀ ਨੂੰ ‘ਵੂਡਪੇਕਰ’ ਵੀ ਕਿਹਾ ਜਾਂਦਾ ਹੈ। ਮਾਦਾ ਟੀ ਹੂਈਆ ਦੀ ਚੁੰਝ ਕੁਝ ਮੁੜੀ ਹੁੰਦੀ ਹੈ ਤੇ ਨਰ ਤੋਂ ਜਿਆਦਾ ਲੰਬਾਈ ਵਿਚ ਹੁੰਦੀ ਹੈ।  1888 ਦੇ ਵਿਚ ਇਥੇ 646 ਦੇ ਕਰੀਬ ਟੀ ਹੂਈਆਂ ਪੰਛੀ ਮਾਰ ਦਿੱਤੇ ਗਏ ਸਨ ਕਿਉਂਕਿ ਇਸਦੇ ਖੰਭ ਕਾਫੀ ਮਹਾਨਤਾ ਰੱਖਦੇ ਸਨ ਅਤੇ ਪਹਿਨੇ ਵੀ ਜਾਂਦੇ ਸਨ। ਰਾਜੇ ਮਹਾਰਿਜਆਂ ਨੂੰ ਇਹ ਸੌਗਾਤ ਵਿਚ ਦਿਤੇ ਜਾਂਦੇ ਸਨ। 1892 ਵਿਚ ਇਕ ਕਾਨੂੰਨ ਪਾਸ ਹੋਇਆ ਕਿ ਇਹ ਪੰਛੀ ਨਾ ਹੀ ਮਾਰੇ ਜਾਣ ਅਤੇ ਨਾ ਹੀ ਫੜੇ ਜਾਣ। ਇਹ ਵੀ ਸੰਭਵ ਮੰਨਿਆ ਜਾ ਰਿਹਾ ਹੈ ਕਿ 1875 ਦੇ ਵਿਚ ਇਥੇ ਇਕ ਮੈਨਾ ਨਾਂਅ ਦਾ ਪੰਛੀ ਭਾਰਤ ਤੋਂ ਲਿਆਂਦਾ ਗਿਆ ਸੀ ਅਤੇ ਉਸ ਤੋਂ ਕੁਝ ਬਿਮਾਰੀ ਇਥੇ ਆ ਗਈ ਅਤੇ ਫਿਰ ਉਹ ਬਿਮਾਰੀ ਟੀ ਹੂਈਆ ਪੰਛੀਆਂ ਦੇ ਵਿਚ ਫੈਲ ਗਈ। ਇਸ ਪੰਛੀ ਨੂੰ 1907 ਦੇ ਵਿਚ ਆਖਰੀ ਵਾਰ ਇਥੇ ਵੇਖਿਆ ਮੰਨਿਆ ਜਾਂਦਾ ਹੈ। ਸੋ ਲੁਪਤ ਹੋ ਰਹੀਆਂ ਪ੍ਰਜਾਤੀਆਂ ਨੂੰ ਯਾਦ ਰੱਖਣ ਦਾ ਇਹ ਇਕ ਵਧੀਆ ਤਰੀਕਾ ਹੈ ਕਿ ਰੇਲ ਗੱਡੀ ਦਾ ਨਾਂਅ ਹੀ ਪੰਛੀ ਦੇ ਨਾਂਅ ਉਤੇ ਰੱਖ ਦਿੱਤਾ ਜਾਵੇ ਤੇ ਗੱਡੀ ਵੀ ਉਡਦੀ-ਉਡਦੀ ਜਾਵੇ।