Home ਤਾਜ਼ਾ ਖਬਰਾਂ ਪ੍ਰਧਾਨ ਮੰਤਰੀ ਮੋਦੀ ਨੇ ਸ਼ੇਖ ਹਸੀਨਾ ਨੂੰ 12 ਲੱਖ ਕੋਰੋਨਾ ਟੀਕੇ ਅਤੇ 109 ਐਂਬੂਲੈਂਸਾਂ ਦਿੱਤੀਆਂ

ਪ੍ਰਧਾਨ ਮੰਤਰੀ ਮੋਦੀ ਨੇ ਸ਼ੇਖ ਹਸੀਨਾ ਨੂੰ 12 ਲੱਖ ਕੋਰੋਨਾ ਟੀਕੇ ਅਤੇ 109 ਐਂਬੂਲੈਂਸਾਂ ਦਿੱਤੀਆਂ

0
ਪ੍ਰਧਾਨ ਮੰਤਰੀ ਮੋਦੀ ਨੇ ਸ਼ੇਖ ਹਸੀਨਾ ਨੂੰ 12 ਲੱਖ ਕੋਰੋਨਾ ਟੀਕੇ ਅਤੇ 109 ਐਂਬੂਲੈਂਸਾਂ ਦਿੱਤੀਆਂ

ਢਾਕਾ, 27 ਮਾਰਚ (ਹਮਦਰਦ ਨਿਊਜ਼ ਸਰਵਿਸ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਵਿਦੇਸ਼ ਦੌਰੇ ਦੇ ਦੂਜੇ ਦਿਨ ਬੰਗਲਾਦੇਸ਼ ਨੂੰ ਕਈ ਤੋਹਫ਼ੇ ਦਿੱਤੇ। ਪੀਐਮ ਮੋਦੀ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਕੋਰੋਨਾ ਟੀਕੇ ਦੀਆਂ 12 ਲੱਖ ਖੁਰਾਕਾਂ ਦਿੱਤੀਆਂ। ਉਨ੍ਹਾਂ ਨੇ 109 ਐਂਬੂਲੈਂਸਾਂ ਦੀ ਚਾਬੀ ਵੀ ਸ਼ੇਖ ਹਸੀਨਾ ਨੂੰ ਸੌਂਪੀ। ਇਸ ਤੋਂ ਪਹਿਲਾਂ ਮੋਦੀ ਨੇ ਕਿਹਾ ਸੀ ਕਿ ਭਾਰਤ ਸਰਕਾਰ ਓਰਕੰਡੀ ‘ਚ ਲੜਕੀਆਂ ਲਈ ਇਕ ਪ੍ਰਾਇਮਰੀ ਸਕੂਲ ਖੋਲ੍ਹੇਗੀ। ਇੱਥੋਂ ਦੇ ਮਿਡਲ ਸਕੂਲ ਵੀ ਅਪਗ੍ਰੇਡ ਕੀਤੇ ਜਾਣਗੇ। ਓਰਕੰਡੀ ਉਹੀ ਥਾਂ ਹੈ, ਜਿੱਥੇ ਮਤੂਆ ਭਾਈਚਾਰੇ ਦੇ ਲੋਕ ਵੱਡੀ ਗਿਣਤੀ ‘ਚ ਰਹਿੰਦੇ ਹਨ।
ਉੱਥੇ ਹੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸੋਨੇ ਤੇ ਚਾਂਦੀ ਦਾ ਇਕ-ਇਕ ਸਿੱਕਾ ਪੀਐਮ ਮੋਦੀ ਨੂੰ ਤੋਹਫ਼ੇ ਵਜੋਂ ਦਿੱਤਾ। ਉਨ੍ਹਾਂ ਨੇ ਇਹ ਤੋਹਫ਼ੇ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਅਤੇ ਬੰਗਲਾਦੇਸ਼ ਦੀ ਸਥਾਪਨਾ ਦੇ 50 ਸਾਲ ਪੂਰੇ ਹੋਣ ‘ਤੇ ਦਿੱਤੇ।
ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ ਪੀਐਮ ਮੋਦੀ ਨੇ ਸਭ ਤੋਂ ਪਹਿਲਾਂ ਜਸ਼ੋਰੇਸਵਰੀ ਮੰਦਰ ‘ਚ ਕਾਲੀ ਮਾਤਾ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੇ ਗੋਪਾਲਗੰਜ ਜ਼ਿਲ੍ਹੇ ਦੇ ਤੁੰਗੀਪਾਰਾ ਵਿਖੇ ਬੰਗਬੰਧੂ ਸਮਾਰਕ ਪਹੁੰਚੇ ਅਤੇ ਰਾਸ਼ਟਰਬੰਧੂ ਦੇ ਪਿਤਾ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਉਹ ਮਤੂਆ ਭਾਈਚਾਰੇ ਓਰਕੰਡੀ ਮੰਦਰ ਪਹੁੰਚੇ ਅਤੇ ਉੱਥੇ ਮੱਥਾ ਟੇਕਿਆ। ਦਰਅਸਲ, ਓਰਕੰਡੀ ਉਹ ਥਾਂ ਹੈ, ਜਿੱਥੇ ਮਤੂਆ ਭਾਈਚਾਰੇ ਦੇ ਸੰਸਤਾਪਕ ਹਰੀਸ਼ਚੰਦਰ ਠਾਕੁਰ ਦਾ ਜਨਮ ਹੋਇਆ ਸੀ। ਪੀ.ਐਮ. ਮੋਦੀ ਨੇ ਇਸ ਦੌਰਾਨ ਕਿਹਾ ਕਿ ਉਨ੍ਹਾਂ ਦੀ ਕਈ ਸਾਲਾਂ ਦੀ ਇੱਛਾ ਅੱਜ ਪੂਰੀ ਹੋ ਗਈ ਹੈ।
ਪੀਐਮ ਮੋਦੀ ਨੇ ਕਿਹਾ ਕਿ ਉਹ ਸਾਲ 2015 ‘ਚ ਬੰਗਲਾਦੇਸ਼ ਦੌਰੇ ਦੌਰਾਨ ਓਰਕੰਡੀ ਆਉਣਾ ਚਾਹੁੰਦੇ ਸਨ, ਪਰ ਅੱਜ ਇਹ ਇੱਛਾ ਪੂਰੀ ਹੋਈ ਹੈ। ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ‘ਚ ਪੱਛਮ ਬੰਗਾਲ ‘ਚ ਸ਼ਨਿੱਚਰਵਾਰ ਨੂੰ ਵੋਟਿੰਗ ਹੋਈ ਅਤੇ ਬੰਗਾਲ ‘ਚ ਵੀ ਮਤੂਆ ਭਾਈਚਾਰਾ ਕੁਝ ਸੀਟਾਂ ਉੱਤੇ ਮਹੱਤਵਪੂਰਨ ਪ੍ਰਭਾਵ ਪਾਉਂਦਾ ਹੈ। ਪੱਛਮੀ ਬੰਗਾਲ ‘ਚ ਮਤੂਆ ਭਾਈਚਾਰੇ ਦੀ ਆਬਾਦੀ ਲਗਭਗ 2 ਕਰੋੜ ਹੈ। ਯਾਤਰਾ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਦੁਵੱਲੀ ਗੱਲਬਾਤ ਵੀ ਕੀਤੀ।