ਨਵੀਂ ਦਿੱਲੀ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਛੱਤੀਸਗੜ੍ਹ ਦੇ ਬੀਜਾਪੁਰ ‘ਚ ਸ਼ਨਿੱਚਰਵਾਰ ਨੂੰ ਨਕਸਲੀਆਂ ਨਾਲ ਮੁਕਾਬਲੇ ‘ਚ ਸੁਰੱਖਿਆ ਬਲਾਂ ਦੇ 22 ਜਵਾਨਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੰਨੀ ਵੱਡੀ ਗਿਣਤੀ ‘ਚ ਜਵਾਨਾਂ ਦੇ ਸ਼ਹੀਦ ਹੋਣ ‘ਤੇ ਸਵਾਲ ਖੜੇ ਕੀਤੇ ਹਨ। ਛੱਤੀਸਗੜ੍ਹ ਆਪ੍ਰੇਸ਼ਨ ਬਾਰੇ ਸੀਆਰਪੀਐਫ ਮੁਖੀ ਦੇ ਦਿੱਤੇ ਬਿਆਨ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਇਹ ਖੁਫ਼ੀਆ ਨਾਕਾਮੀ ਨਹੀਂ ਹੈ ਤਾਂ ਇਕ ਦੇ ਬਦਲੇ ਇਕ ਮੌਤ ਦਾ ਮਤਲਬ ਹੈ ਕਿ ਇਹ ਬਹੁਤ ਖ਼ਰਾਬ ਤੇ ਕਮਜੋਰ ਤਰੀਕੇ ਨਾਲ ਚਲਾਇਆ ਗਿਆ ਆਪ੍ਰੇਸ਼ਨ ਸੀ।

ਰਾਹੁਲ ਗਾਂਧੀ ਨੇ ਸੀਆਰਪੀਐਫ਼ ਮੁਖੀ ਦੇ ਬਿਆਨ ਦੀ ਖ਼ਬਰ ਨੂੰ ਸਾਂਝਾ ਕਰਦਿਆਂ ਲਿਖਿਆ, “ਜੇਕਰ ਖ਼ੁਫੀਆ ਨਾਕਾਮੀ ਨਹੀਂ ਸੀ ਤਾਂ ਫਿਰ 1:1 ਦੇ ਅਨੁਪਾਤ ‘ਚ ਮੌਤ ਦਾ ਮਤਲਬ ਇਹ ਹੈ ਕਿ ਇਸ ਮੁਹਿੰਮ ਦੀ ਯੋਜਨਾ ਨੂੰ ਖ਼ਰਾਬ ਢੰਗ ਨਾਲ ਤਿਆਰ ਕੀਤਾ ਗਿਆ ਅਤੇ ਅਯੋਗਤਾਪੂਰਵਕ ਇਸ ਨੂੰ ਲਾਗੂ ਕੀਤਾ ਗਿਆ। ਕਿਸੇ ਵੀ ਭਾਰਤੀ ਜਵਾਨ ਨੂੰ 21ਵੀਂ ਸਦੀ ‘ਚ ਸਰੀਰਕ ਸੁਰੱਖਿਆ ਕਵਚ ਦੇ ਬਿਨਾਂ ਦੁਸ਼ਮਣ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਇਹ ਹਰ ਫ਼ੌਜੀ ਨੂੰ ਉਪਲੱਬਧ ਕਰਵਾਇਆ ਜਾਣਾ ਚਾਹੀਦਾ।”
ਦੂਜੇ ਪਾਸੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਕਾਬਲੇ ‘ਚ ਸ਼ਹੀਦ ਹੋਏ 22 ਜਵਾਨਾਂ ‘ਚ ਸੀਆਰਪੀਐਫ ਦੇ 8 ਜਵਾਨ ਸ਼ਾਮਲ ਹਨ, ਜਿਨ੍ਹਾਂ ‘ਚੋਂ 7 ਕੋਬਰਾ ਕਮਾਂਡੋ ਤੋਂ ਜਦਕਿ 1 ਜਵਾਨ ਬਸਤਰੀਆ ਬਟਾਲੀਅਨ ਤੋਂ ਹੈ। ਬਾਕੀ ਡੀ.ਆਰ.ਜੀ. ਅਤੇ ਵਿਸ਼ੇਸ਼ ਕਾਰਜ ਫ਼ੋਰਸ ਦੇ ਜਵਾਨ ਹਨ। ਉਨ੍ਹਾਂ ਕਿਹਾ ਕਿ ਸੀ.ਆਰ.ਪੀ.ਐਫ. ਦੇ ਇਕ ਇੰਸਪੈਕਟਰ ਹਾਲੇ ਵੀ ਲਾਪਤਾ ਹਨ।
ਦੱਸ ਦੇਈਏ ਕਿ ਸ਼ਨਿੱਚਰਵਾਰ 3 ਅਪ੍ਰੈਲ ਨੂੰ ਛੱਤੀਸਗੜ੍ਹ ‘ਚ ਨਕਸਲੀਆਂ ਦੇ ਹਮਲੇ ‘ਚ ਸੁਰੱਖਿਆ ਬਲਾਂ ਦੇ 22 ਜਵਾਨ ਸ਼ਹੀਦ ਹੋ ਗਏ ਸਨ। ਇਸ ਦੌਰਾਨ 15 ਨਕਸਲੀ ਵੀ ਮਾਰੇ ਗਏ ਸਨ। ਨਕਸਲੀ ਆਪਣੇ ਜ਼ਿਆਦਾਤਰ ਸਾਥੀਆਂ ਨੂੰ ਟਰੈਕਟਰ ‘ਚ ਲੱਦ ਕੇ ਲੈ ਗਏ ਸਨ।
