ਮੁੰਬਈ, 22 ਮਾਰਚ (ਹਮਦਰਦ ਨਿਊਜ਼ ਸਰਵਿਸ) : ਪ੍ਰਸਿੱਧ ਲੇਖਕ ਤੇ ਫਿਲਮ ਨਿਰਮਾਤਾ ਸਾਗਰ ਸਰਹੱਦੀ ਦਾ ਅੱਜ 87 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਸਾਗਰ ਸਰਹੱਦੀ ਨੇ ਆਪਣੇ ਮੁੰਬਈ ਸਥਿਤ ਘਰ ’ਚ ਆਖਰੀ ਸਾਹ ਲਏ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਸਾਗਰ ਸਰਹੱਦੀ ਨੇ ‘ਨੂਰੀ, ਬਾਜ਼ਾਰ, ਕਭੀ-ਕਭੀ, ਸਿਲਸਿਲਾ, ਚਾਂਦਨੀ, ਦੀਵਾਨਾ ਅਤੇ ਕਹੋ ਨਾ ਪਿਆਰ ਹੈ’ ਜਿਹੀਆਂ ਫਿਲਮਾਂ ਲਿਖੀਆਂ ਹਨ।
ਸਿਹਤ ਵਿਗੜਨ ਮਗਰੋਂ ਉਨ੍ਹਾਂ ਨੂੰ ਇੱਕ ਕਾਰਡਿਏਕ ਕੇਅਰ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਦਿਲ ਨਾਲ ਸਬੰਧਤ ਰੋਗ ਸਨ। ਸਾਲ 2008 ਵਿੱਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ, ਤਦ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਸਾਗਰ ਸਰਹੱਦੀ ਦੀ ਗਿਣਤੀ ਹਿੰਦੀ ਫਿਲਮ ਜਗਤ ਦੇ ਵਧੀਆ ਕਹਾਣੀਕਾਰਾਂ ਵਿੱਚ ਹੁੰਦੀ ਹੈ। ਉਨ੍ਹਾਂ ਨੇ ਕਭੀ-ਕਭੀ, ਸਿਲਸਿਲਾ ਅਤੇ ਦੀਵਾਨਾ ਸਣੇ ਕਈ ਹਿੱਟ ਫਿਲਮਾਂ ਦੀਆਂ ਕਹਾਣੀਆਂ ਲਿਖੀਆਂ ਹਨ। ਸਾਗਰ ਸਰਹੱਦੀ ਦਾ ਅਸਲ ਨਾਮ ਗੰਗਾ ਸਾਗਰ ਤਲਵਾਰ ਸੀ ਤੇ ਉਨ੍ਹਾਂ ਦਾ ਜਨਮ 11 ਮਈ, 1933 ਨੂੰ ਐਬਟਾਬਾਦ (ਹੁਣ ਪਾਕਿਸਤਾਨ) ਵਿੱਚ ਪਿਤਾ ਦਾਨ ਸਿੰਘ ਤਲਵਾਰ ਤੇ ਮਾਤਾ ਪ੍ਰੇਮ ਦੇਵੀ ਦੇ ਘਰ ਹੋਇਆ ਸੀ। ਉੱਘੇ ਫਿਲਮ ਨਿਰਮਾਤਾ ਰਮੇਸ਼ ਤਲਵਾਰ ਉਨ੍ਹਾਂ ਦੇ ਭਤੀਜੇ ਹਨ। ਉਨ੍ਹਾਂ ਨੇ ਹੀ ਮੀਡੀਆ ਨੂੰ ਸਾਗਰ ਸਰਹੱਦੀ ਦੇ ਅਕਾਲ ਚਲਾਣੇ ਬਾਰੇ ਜਾਣਕਾਰੀ ਦਿੱਤੀ। ਸਾਗਰ ਸਰਹੱਦੀ ਨੇ ਉਰਦੂ ਭਾਸ਼ਾ ’ਚ ਨਿੱਕੀਆਂ ਕਹਾਣੀਆਂ ਲਿਖਣ ਤੋਂ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੂੰ 1976 ’ਚ ਯਸ਼ ਚੋਪੜਾ ਦੀ ਸੁਪਰਹਿੱਟ ਫ਼ਿਲਮ ‘ਕਭੀ ਕਭੀ’ ਦੀ ਕਹਾਣੀ ਲਿਖਣ ਦਾ ਸੁਭਾਗ ਹਾਸਲ ਹੋਇਆ ਸੀ; ਜੋ ਬਾਲੀਵੁੱਡ ਵਿੱਚ ਉਨ੍ਹਾਂ ਦੀ ਬਹੁਤ ਵੱਡੀ ਸ਼ੁਰੂਆਤ ਸੀ। ਫਿਰ ਉਨ੍ਹਾਂ ਨੇ ‘ਸਿਲਸਿਲਾ’ ਤੇ ‘ਚਾਂਦਨੀ’ ਫ਼ਿਲਮ ਦੀਆਂ ਕਹਾਣੀਆਂ ਵੀ ਲਿਖੀਆਂ। 1982 ’ਚ ਬਣੀ ਆਰਟ ਫ਼ਿਲਮ ‘ਬਾਜ਼ਾਰ’ ਦਾ ਬਾਲੀਵੁੱਡ ਵਿੱਚ ਆਪਣਾ ਇੱਕ ਮੁਕਾਮ ਹੈ। ਅੱਜ ਵੀ ਇਸ ਫ਼ਿਲਮ ਦਾ ਹਵਾਲਾ ਦਿੱਤਾ ਜਾਂਦਾ ਹੈ। ਇਹ ਫ਼ਿਲਮ ਸਾਗਰ ਸਰਹੱਦੀ ਦੀ ਆਪਣੀ ਪ੍ਰੋਡਕਸ਼ਨ ਸੀ। ਸ਼ਾਹਰੁਖ਼ ਖਾਨ ਦੀ ਫ਼ਿਲਮ ‘ਦੀਵਾਨਾ’ (1992) ਤੇ ਰਿਤਿਕ ਰੌਸ਼ਨ ਦੀ ਫ਼ਿਲਮ ‘ਕਹੋ ਨਾ ਪਿਆਰ ਹੈ’ ਦੇ ਡਾਇਲੌਗ ਵੀ ਸਾਗਰ ਸਰਹੱਦੀ ਨੇ ਹੀ ਲਿਖੇ ਸਨ। ਸਾਗਰ ਸਰਹੱਦੀ ਦੀਆਂ ਹੋਰ ਚਰਚਿਤ ਫ਼ਿਲਮਾਂ ਸਨ: ਜ਼ਿੰਦਗੀ (1976), ਨੂਰੀ (1979), ਰੰਗ (1993), ਕਰਮਯੋਗੀ, ਕਾਰੋਬਾਰ, ਚੌਸਰ। ਉਨ੍ਹਾਂ ਸਕ੍ਰਿਪਟ ਰਾਈਟਰ ਵਜੋਂ ਖ਼ੂਬ ਨਾਮਣਾ ਖੱਟਿਆ। ਇਸ ਪ੍ਰਸਿੱਧ ਲੇਖਕ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਮੁੰਬਈ ਦੇ ਸੀਓਨ ਸ਼ਮਸ਼ਾਨਘਾਟ ’ਚ ਕਰ ਦਿੱਤਾ ਗਿਆ ਹੈ।

