ਪ੍ਰਿਅੰਕਾ ਗਾਂਧੀ ਦੀ ਰੈਲੀ ਵਿਚ ਸਿੱਧੂ ਦਾ ਭਾਸ਼ਣ ਦੇਣ ਤੋਂ ਇਨਕਾਰ

ਧੂਰੀ, 14 ਫਰਵਰੀ, ਹ.ਬ. : ਪੰਜਾਬ ਕਾਂਗਰਸ ਵਿਚ ਚਲ ਰਿਹੈ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਮੌਜੂਦਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ 6 ਫਰਵਰੀ ਨੂੰ ਮੁੜ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨ ਕਰਨ ਦੇ ਬਾਅਦ ਤੋਂ ਨਵਜੋਤ ਸਿੱਧੂ ਨਰਾਜ਼ ਚਲ ਰਹੇ ਹਨ। ਸਿੱਧੂ ਦਾ ਰੋਸ ਧੂਰੀ ਵਿਚ ਪ੍ਰਿਅੰਕਾ ਗਾਂਧੀ ਦੀ ਰੈਲੀ ਵਿਚ ਵੀ ਸਾਹਮਣੇ ਆਇਆ। ਧੂਰੀ ਵਿਚ ਕਾਂਗਰਸੀ ਉਮੀਦਵਾਰ ਦਲਬੀਰ ਸਿੰਘ ਗੋਲਡੀ ਦੀ ਰੈਲੀ ਵਿਚ ਸਿੱਧੂ ਨੇ ਭਾਸ਼ਣ ਦੇਣ ਤੋਂ ਇੰਨਕਾਰ ਕਰ ਦਿੱਤਾ। ਸਟੇਜ ਤੋਂ ਨਾਂ ਦਾ ਐਲਾਨ ਕਰਨ ਤੋਂ ਬਾਅਦ ਸਿੱਧੂ ਉਠੇ, ਹੱਥ ਜੋੜੇ ਅਤੇ ਚੰਨੀ ਵੱਲ ਇਸ਼ਾਰਾ ਕਰਕੇ ਬੋਲੇ ਕਿ ਇਨ੍ਹਾਂ ਨੂੰ ਬੁਲਾ ਲਓ।
ਚੰਨੀ ਨੂੰ ਸੀਐਮ ਚਿਹਰਾ ਐਲਾਨ ਕਰਨ ਦੇ ਬਾਅਦ ਤੋਂ ਹੀ ਸਿੱਧੂ ਚੁੱਪ ਹਨ। ਹਾਲਾਂਕਿ ਇਸ ਫੈਸਲੇ ’ਤੇ ਸਿੱਧੂ ਨੇ ਬਿਆਨ ਦਿੱਤਾ ਸੀ ਕਿ ਪਾਰਟੀ ਹਾਈਕਮਾਨ ਦਾ ਫੈਸਲਾ ਉਨ੍ਹਾਂ ਮਨਜ਼ੂਰ ਹੈ, ਲੇਕਿਨ ਉਨ੍ਹਾਂ ਦੇ ਵਰਤਾਰੇ ਤੋਂ ਲੱਗ ਰਿਹਾ ਕਿ ਉਹ ਇਹ ਗੱਲ ਉਪਰੋਂ ਹੀ ਬੋਲ ਰਹੇ ਹਨ। ਉਨ੍ਹਾਂ ਦੇ ਅੰਦਰ ਅਜੇ ਵੀ ਇਸ ਨੂੰ ਲੈ ਕੇ ਰੋਸ ਹੈ।
ਕਾਂਗਰਸੀ ਨੇਤਾ ਸੁਨੀਲ ਜਾਖੜ ਦੇ ਭਾਸ਼ਣ ਤੋਂ ਬਾਅਦ ਸਟੇਜ ਤੋਂ ਦਲਬੀਰ ਸਿੰਘ ਗੋਲਡੀ ਦੀ ਪਤਨੀ ਸਿਮਰਨ ਨੇ ਸਿੱਧੂ ਨੁੂੰ ਭਾਸ਼ਣ ਦੇਣ ਲਈ ਸੱਦਿਆ। ਸਿੱਧੂ ਨੇ ਮੰਚ ’ਤੇ ਖੜ੍ਹੇ ਹੋ ਕੇ ਹੱਥ ਜੋੜ ਕੇ ਲੋਕਾਂ ਦਾ ਅਭਿਵਾਦਨ ਕੀਤਾ ਅਤੇ ਚਰਨਜੀਤ ਸਿੰਘ ਚੰਨੀ ਵੱਲ ਇਸ਼ਾਰਾ ਕੀਤਾ। ਇਸ ਦੌਰਾਨ ਫੇਰ ਸਿਮਰਨ ਨੇ ਉਨ੍ਹਾਂ ਦਾ ਨਾਂ ਲਿਆ, ਲੇਕਿਨ ਸਿੱਧੂ ਨੇ ਇਸ਼ਾਰਾ ਕਰਕੇ ਫੇਰ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਸਿਮਰਨ ਨੇ ਮੰਚ ਤੋਂ ਐਲਾਨ ਕੀਤਾ ਕਿ ਸਿੱਧੂ ਸਾਹਿਬ ਕਹਿ ਰਹੇ ਹਨ ਕਿ ਮੈਂ ਤਾਂ ਆਪ ਸਭ ਦੇ ਵਿਚ ਦਾ ਹੀ ਹਾਂ। ਚੰਨੀ ਸਾਹਿਬ ਕੋਲੋਂ ਬੁਲਵਾਓ। ਇਸ ਤੋਂ ਬਾਅਦ ਚੰਨੀ ਨੇ ਮੰਚ ਤੋਂ ਅਪਣਾ ਸੰਬੋਧਨ ਸ਼ੁਰੂ ਕੀਤਾ।
6 ਫਰਵਰੀ ਤੋਂ ਪਹਿਲਾਂ ਸਿੱਧੂ ਸੂਬੇ ਵਿਚ ਅਪਣੇ ਪੰਜਾਬ ਮਾਡਲ ਦੇ ਨਾਲ ਪ੍ਰਚਾਰ ਕਰ ਰਹੇ ਸੀ। ਮੰਚ ’ਤੇ ਖੜ੍ਹੇ ਹੋ ਕੇ ਮੰਤਰੀ ਅਹੁਦੇ ਅਤੇ ਫੇਰ ਟਿਕਟ ਵੰਡ ਰਹੇ ਸੀ। ਹੁਣ ਸਿੱਧੂ ਅਪਣੇ ਵਿਧਾਨ ਸਭਾ ਖੇਤਰ ਅੰਮ੍ਰਿਤਸਰ ਈਸਟ ਤੱਕ ਹੀ ਸਿਮਟ ਗਏ । ਇਹ ਪਹਿਲੀ ਵਾਰ ਹੈ ਕਿ ਸਿੱਧੂ ਅਪਣੇ ਹਲਕੇ ਵਿਚ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਪ੍ਰਚਾਰ ਲਈ ਵੀ ਅਪਣੇ ਸਿਆਸੀ ਵਿਰੋਧੀ ਰਹੇ ਨੇਤਾਵਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਕਾਂਗਰਸ ਨੇ ਪੰਜਾਬ ਵਿਚ 6 ਫਰਵਰੀ ਨੂੰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਬਣਾਇਆ ਸੀ।
ਇਸ ਐਲਾਨ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਪੰਜਾਬ ਵਿਚ ਕਾਂਗਰਸ ਦੇ ਸਟਾਰ ਪ੍ਰਚਾਰਕ ਸੀ ਅਤੇ ਉਨ੍ਹਾਂ ਨੇ ਪੂਰੇ ਸੂਬੇ ਵਿਚ ਪ੍ਰਚਾਰ ਦੀ ਕਮਾਨ ਸੰਭਾਲ ਰੱਖੀ ਸੀ। ਉਹ 54 ਵਿਧਾਨ ਸਭਾ ਹਲਕਿਆਂ ਵਿਚ ਪ੍ਰਚਾਰ ਕਰ ਚੁੱਕੇ ਸੀ। ਨਾਲ ਹੀ ਇਨ੍ਹਾਂ ਸਿਆਸੀ ਰੈਲੀਆਂ ਵਿਚ ਅਪਣੇ ਵਿਰੋਧੀਆਂ ਦੇ ਨਾਲ ਪਾਰਟੀ ਵਿਚ ਸਿਆਸੀ ਵਿਰੋਧੀਆਂ ’ਤੇ ਨਿਸ਼ਾਨੇ ਸਾਧ ਰਹੇ ਸੀ। ਕਈ ਰੈਲੀਆਂ ਵਿਚ ਉਨ੍ਹਾਂ ਨੇ ਅਪਣੇ ਚਹੇਤਿਆਂ ਨੂੰ ਮੰਤਰੀ ਅਤੇ ਪਾਰਟੀ ਦਾ ਉਮੀਦਵਾਰ ਬਣਾਉਣ ਦਾ ਐਲਾਨ ਵੀ ਕੀਤਾ।
ਸਿੱਧੂ ਕ੍ਰਿਕਟ ਛੱਡ ਕੇ ਰਾਜਨੀਤੀ ਵਿਚ ਆਉਣ ਤੋਂ ਬਾਅਦ ਜ਼ਿਆਦਾ ਚਰਚਾ ਵਿਚ ਹਨ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਹੁਣ ਚਰਨਜੀਤ ਸਿੰਘ ਚੰਨੀ ਦੇ ਨਾਲ ਉਨ੍ਹਾਂ ਦੀ ਸਿਆਸੀ ਵਿਰੋਧਤਾ ਹੈ। ਲੁਧਿਆਣਾ ਦੇ ਸਾਂਸਦ ਰਵਨੀਤ ਬਿੱਟੂ ਦੇ ਨਾਲ ਸਿੱਧੂ ਦਾ 36 ਦਾ ਅੰਕੜਾ ਰਿਹਾ। ਇਸ ਦੇ ਬਾਵਜੂਦ ਸਾਂਸਦ ਬਿੱਟੂ ਅੰਮ੍ਰਿਤਸਰ ਈਸਟ ਸੀਟ ’ਤੇ ਸਿੱਧੂ ਲਈ ਪ੍ਰਚਾਰ ਕਰਨ ਪੁੱਜੇ। ਬਿੱਟੂ ਨੇ ਸਭ ਤੋਂ ਪਹਿਲਾਂ ਰੁਠੇ ਕਾਂਗਰਸੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਵਿਚੋਂ ਕੁਝ ਨੇਤਾਵਾਂ ਨੂੰ ਬਿੱਟੂ ਪ੍ਰਚਾਰ ਦੇ ਲਈ ਨਾਲ ਲਿਆਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਬਿੱਟੂ ਨੇ ਸਿੱਧੂ ਦੇ ਨਾਲ ਰੈਲੀ ਨੂੰ ਵੀ ਸੰਬੋਧਨ ਕੀਤਾ ਅਤੇ ਉਨ੍ਹਾਂ ਦੇ ਲਈ ਵੋਟ ਮੰਗੇ।
ਅੰਮ੍ਰਿਤਸਰ ਈਸਟ ਸੀਟ ’ਤੇ 18 ਸਾਲ ਵਿਚ ਪਹਿਲੀ ਵਾਰ ਸਿੱਧੂ ਨੂੰ ਕੜੀ ਟੱਕਰ ਮਿਲ ਰਹੀ ਹੈ। ਉਨ੍ਹਾਂ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਮਜੀਠੀਆ ਹਨ। ਮਜੀਠੀਆ ਨੇ ਸਿੱਧੂ ਦਾ ਚੈਲੰਜ ਸਵੀਕਾਰਦੇ ਹੋਏ ਅਪਣੀ ਰਵਾਇਤੀ ਸੀਟ ਮਜੀਠਾ ਛੱਡ ਦਿੱਤੀ ਅਤੇ ਹੁਣ ਅੰਮ੍ਰਿਤਸਰ ਈਸਟ ਤੋਂ ਚੋਣ ਲੜ ਰਹੇ ਹਨ। ਮਜੀਠਾ ਸੀਟ ਤੋਂ ਹੁਣ ਬਿਕਰਮ ਮਜੀਠੀਆ ਦੀ ਪਤਨੀ ਗੁਨੀਵ ਕੌਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਰਹੀ ਹੈ।

Video Ad
Video Ad