
ਵਾਸ਼ਿੰਗਟਨ, 29 ਮਾਰਚ (ਹਮਦਰਦ ਨਿਊਜ਼ ਸਰਵਿਸ) : ਗੋਰੇ ਨਾਲ ਵਿਆਹ ਕਰਵਾ ਚੁੱਕੀ ਬਾਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਭਾਵੇਂ ਕੋਰੋਨਾ ਕਾਰਨ ਕਾਫ਼ੀ ਸਮੇਂ ਤੋਂ ਭਾਰਤ ਨਹੀਂ ਆ ਸਕੀ, ਪਰ ਵਿਦੇਸ਼ੀ ਧਰਤੀ ’ਤੇ ਬੈਠੀ ਹੋਣ ਦੇ ਬਾਵਜੂਦ ਉਹ ਆਪਣੇ ਵਤਨ ਦੇ ਰੀਤੀ-ਰਿਵਾਜ਼ ਨਹੀਂ ਭੁੱਲਦੀ। ਇਸੇ ਦੇ ਚਲਦਿਆਂ ਉਸ ਨੇ ਆਪਣੇ ਪਤੀ ਨਿਕ ਜੋਨਸ ਸਣੇ ਸਾਰੇ ਸਹੁਰਾ ਪਰਿਵਾਰ ਨਾਲ ਹੋਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ। ਇਸ ਪਹਿਲਾਂ ਕਰਵਾਚੌਥ ਸਣੇ ਹੋਰ ਭਾਰਤੀ ਤਿਉਹਾਰ ਵੀ ਪ੍ਰਿਯੰਕਾ ਪੂਰੀ ਸ਼ਿੱਦਤ ਨਾਲ ਮਨਾਉਂਦੀ ਆ ਰਹੀ ਹੈ। ਅੱਜ ਹੋਲੀ ਮੌਕੇ ਪ੍ਰਿਯੰਕਾ ਨੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਆਪਣੇ ਸਹੁਰਾ ਪਰਿਵਾਰ ਨਾਲ ਹੋਲੀ ਦੇ ਰੰਗਾਂ ਵਿੱਚ ਰੰਗੀ ਹੋਈ ਦਿਖਾਈ ਦੇ ਰਹੀ ਹੈ। ਉਸ ਦੇ ਪਤੀ ਅਤੇ ਅਮਰੀਕਨ ਪੌਪ ਸਟਾਰ ਨਿਕ ਜੋਨਸ ਨੇ ਵੀ ਇਹੀ ਤਸਵੀਰਾਂ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕਰਦਿਆਂ ਸਾਰਿਆਂ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਹਨ। ਪ੍ਰਿਯੰਕਾ ਤੋਂ ਇਲਾਵਾ ਸਾਰਾ ਅਲੀ ਖਾਨ, ਕਰੀਨਾ ਕਪੂਰ ਖਾਨ, ਅਮਿਤਾਬ ਬੱਚਨ, ਅਰਜੁਨ ਰਾਮਪਾਲ, ਰਿਤੇਸ਼ ਦੇਸ਼ਮੁਖ ਸਣੇ ਕਈ ਬਾਲੀਵੁਡ ਸਿਤਾਰਿਆਂ ਨੇ ਆਪਣੇ ਚਾਹੁਣ ਵਾਲਿਆਂ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆ ਹਨ।